ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ

ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ

ਪਿਆਰ ਵਿਚ ਪਿਘਲੀ ਤਾਂ ਇਕ ਦਮ ਨੀਰ ਸੀ

ਮੇਰੇ ਸੀਨੇ ਲਗ ਕੇ ਚਸ਼ਮਾ ਬਣ ਗਿਆ

ਚੱਲਿਆ ਤਾਂ ਉਹ ਕਮਾਨੋਂ ਤੀਰ ਸੀ

ਤ੍ਰਭਕ ਕੇ ਉਠਿਆ ਮੇਰੇ ਪਹਿਲੂ 'ਚੋਂ ਉਹ

ਹੋਰ ਮੰਜ਼ਿਲ ਦਾ ਜਿਵੇਂ ਰਾਹਗੀਰ ਸੀ

ਲਫਜ਼ ਤੇ ਸੰਗੀਤ ਕੁਝ ਇਉਂ ਘੁਲ ਗਏ

ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ

ਉਹ ਜਦੋਂ ਲਿਸ਼ਕੀ ਹਨੇਰਾ ਤੜਪਿਆ

ਉਹ ਜਿਵੇਂ ਰਿਸ਼ਮ ਨਈਂ ਸੀ ਤੀਰ ਸੀ

📝 ਸੋਧ ਲਈ ਭੇਜੋ