ਉਂਜ ਤੇ ਦਰਦੀ ਯਾਰ ਵਧੇਰੇ ਲੱਗਦੇ ਨੇ

ਉਂਜ ਤੇ ਦਰਦੀ ਯਾਰ ਵਧੇਰੇ ਲੱਗਦੇ ਨੇ!

ਦੁਖੜੇ ਫਿਰ ਵੀ ਚਾਰ-ਚੁਫ਼ੇਰੇ ਲੱਗਦੇ ਨੇ!!

ਚੌਧਵੀਂ ਰਾਤ ਦਾ ਚੰਨ ਤੇ ਕੰਢਾ ਰਾਵੀ ਦਾ,

ਇਹ ਤੇ ਸੁਫ਼ਨੇ ਤੇਰੇ ਮੇਰੇ ਲੱਗਦੇ ਨੇ!

ਰੰਗਤ ਉੱਡੀ-ਉੱਡੀ ਲੱਗੇ ਫੁੱਲਾਂ ਦੀ,

ਬਾਗ਼ਾਂ ਦੇ ਵਿਚ ਵੜੇ ਫੁਲੇਰੇ ਲੱਗਦੇ ਨੇ!

ਬੁਝੇ ਬੁਝੇ ਚਿਹਰੇ ਤੇ ਘੁੱਟੇ ਘੁੱਟੇ ਸਾਹ,

ਵਿੱਚ ਦਿਲਾਂ ਦੇ ਘੁੱਪ ਹਨੇਰੇ ਲੱਗਦੇ ਨੇ!

ਤੇਰੇ ਘਰ ਦੀ 'ਸਰਦਲ' 'ਤੇ ਵੀ ਅੱਪੜ ਕੇ,

ਹਾਲਾਂ ਪੈਂਡੇ ਬਹੁਤ ਲਮੇਰੇ ਲੱਗਦੇ ਨੇ!

ਇਸ ਬਸਤੀ ਦਾ ਹੁਣ ਤੇ ਰੱਬ ਈ ਰਾਖਾ ਏ,

ਏਥੇ ਰਾਖੇ ਆਪ ਲੁਟੇਰੇ ਲੱਗਦੇ ਨੇ!

'ਰਾਹਤ' ਦਿਲ ਦਰਿਆ ਵਿੱਚ ਛੱਲਾਂ ਉੱਡੀਆਂ ਨੇ,

ਫੇਰ ਕਿਸੇ ਨੇ ਅੱਥਰੂ ਕੇਰੇ ਲੱਗਦੇ ਨੇ!

📝 ਸੋਧ ਲਈ ਭੇਜੋ