ਸਾਡੇ ਵਿਹੜੇ ਵਿੱਚ ਲੱਗੇ
ਕੂੜੇ ਦੇ ਢੇਰ ਤੇ
ਬੈਠੇ ਮੱਖੀਆਂ ਦੇ ਇਜਲਾਸ ਨੇ
ਇੱਕ ਮਤਾ ਪਾਸ ਕੀਤਾ ਹੈ
ਕਿ 'ਓਮ' ਦੀ ਬੁੱਧ ਫਿਰ ਗਈ ਹੈ ।
ਸਾਡੇ ਕੌਲੇ ਨਾਲ ਲਟਕਦਾ ਲਿਓੜ
ਮੇਰੇ ਤੇ ਖਿੜ ਖਿੜਾ ਕੇ ਹੱਸਦਾ ਹੈ
ਤੇ ਕਹਿੰਦਾ ਹੈ:
ਮੈਂ ਤਾਂ ਡਿੱਗ ਹੀ ਸਕਦਾ ਹਾਂ
ਸ਼ਾਇਦ ਊਠ ਦਾ ਬੱਲ੍ਹ ਵੀ ਡਿਗ ਜਾਏ
ਪਰ ਮਹਿਲਾਂ ਤੋਂ ਲੈ ਆਇਐਂ ਜੋ
ਸ਼ਹਿਜਾਦੀ ਦੀ ਤਸਵੀਰ
ਇਹ ਤਾਂ ਕੰਧ ਤੇ ਹੀ ਲਟਕ ਸਕਦੀ ਹੈ
ਕੁੜੀ ਨਹੀਂ ਬਣ ਸਕਦੀ
ਕੌਲੇ ਨਹੀਂ ਲਿੱਪ ਸਕਦੀ
ਚੋਏ ਨਹੀਂ ਮੁੰਦ ਸਕਦੀ ।
ਮੈਂ ਦਾਤੀ ਚੁੱਕ ਕੇ ਖੇਤ ਨੂੰ ਤੁਰਿਆ ਹਾਂ
ਬੜਾ ਸ਼ਰਾਰਤੀ ਹੈ ਸਾਡੇ ਪਹੇ ਦਾ ਭੱਖੜਾ
ਜੁੱਤੀ ਦੀ ਵਿਰਲ ਥਾਣੀ ਚੂੰਢੀ ਵੱਢ ਗਿਆ
ਤੇ ਕਹਿੰਦਾ ਹੈ:
ਤੂੰ ਮੇਰਾ ਗੁੱਸਾ ਨਹੀਂ ਕਰਦਾ
ਪਰ ਉਹ ਵਿਛੀਆਂ ਦਰੀਆਂ ਤੇ ਚੱਲਣ ਵਾਲੀ ਸ਼ਹਿਜਾਦੀ
ਭੱਖੜੇ ਨੂੰ ਦਿਓਰ ਕਿਉਂ ਆਖੇਗੀ?
ਚੂੰਢੀਆਂ ਕਿਉਂ ਸਹਾਰੇਗੀ?
ਕਦੇ ਕਦੇ ਮਾਂ ਦੇ ਚੌਕੇਂ ਵਿੱਚ ਬਹਿਕੇ
ਮੈਂ ਯਾਦਾਂ 'ਚ ਮਾਨਣ ਲੱਗਦਾ ਹਾਂ
ਤੇਰੇ ਸੰਗ ਬਹਿਕੇ ਭਰੇ ਦੋ ਕਾਫੀ ਦੇ ਘੁੱਟ
ਪਰ ਮੇਰੀ ਖਿੱਲੀ ਉਡਾ ਦਿੰਦੇ ਨੇ
ਸਾਡੀ ਟੋਕਰੀ 'ਚ ਪਏ ਤਿੜਕੇ ਗਲਾਸ
ਸਾਡੇ ਚੁੱਲੇ ਤੇ ਪਈ ਬੋੜੀ ਪਤੀਲੀ
ਤੇ ਭੜੋਲੀ ਦੇ ਥੱਲੇ ਨਾ' ਲੱਗਿਆ
ਪਤ ਚੜ੍ਹੀ ਵਾਲ਼ਾ ਗੁੜ ।
ਮੈਂ ਤਾਂ ਸੁਭਾਵਕ ਹੀ ਛੇੜ ਬਹਿੰਦਾ ਹਾਂ ਤੇਰੀ ਗੱਲ
ਪਰ ਸੁਣਕੇ ਹੱਸ ਪੈਂਦੇ ਨੇ
ਰੁਲਦੂ ਮਜ੍ਹਬੀ ਤੇ ਗੋਖਾ ਨਾਈ
ਨਿਆਮਤ ਤੇਲਣ ਤੇ ਕੇਹਰੂ ਰਾਈ ।
ਸੱਚ ਜਾਣੀ....... ਮੇਰੇ ਮਹਿਬੂਬ!
ਮੈਨੂੰ ਤਾਂ ਬੜਾ ਭਰੋਸਾ ਹੈ ਤੇਰੇ ਵੈੱਲ ਬਾਟਮ ਤੇ
ਪਰ ਅਲੇਹਿਆਂ ਤੇ ਪੋਲ੍ਹੀਆਂ ਦੇ ਤਿੱਖੜੇ ਮਖੌਲ
ਮੇਰਾ ਵਿਸ਼ਵਾਸ਼ ਤੋੜ ਜਾਂਦੇ ਨੇ ।
ਤੇ ਮੈਂ ਝੂਠ ਤਾਂ ਨਹੀਂ ਕਹਿੰਦਾ
ਕਿ ਸਾਡੇ ਵਿਹੜੇ ਵਿੱਚ ਲੱਗੇ ਕੂੜੇ ਦੇ ਢੇਰ ਤੇ
ਬੈਠ ਮੱਖੀਆਂ ਦ ਇਜਲਾਸ ਨੇ
ਇੱਕ ਮਤਾ ਪਾਸ ਕੀਤਾ ਹੈ
ਕਿ 'ਓਮ' ਦੀ ਬੁੱਧ ਫਿਰ ਗਈ ਹੈ ।