ਉਸ ਨੂੰ ਮਿਲਕੇ ਹੋਰ ਉਦਾਸੇ ਹੋਏ ਅੰਦਰੋ-ਅੰਦਰੀ ।
ਸੁੱਤੇ ਦਰਦ ਪੁਰਾਣੇ ਜਾਗ ਖਲੋਏ ਅੰਦਰੋ-ਅੰਦਰੀ ।
ਪਹਿਲਾਂ ਆਪਣੇ ਆਪ ਤੇ ਹੱਸੇ ਰਲਕੇ ਨਾਲ ਸਭਾਂ ਦੇ,
ਮਗਰੋਂ ਕੱਲਿਆਂ ਭੁੱਬਾਂ ਮਾਰ ਕੇ ਰੋਏ ਅੰਦਰੋ-ਅੰਦਰੀ ।
ਕੌਣ ਅਸਾਡੇ ਉੱਪਰ ਸਾਨੂੰ ਜ਼ਾਹਰ ਕਰਦਾ ਜਾਏ?
ਕੌਣ ਅਸਾਂ ਨੂੰ ਲੱਸੀ ਵਾਂਗ ਵਲੋਏ ਅੰਦਰੋ-ਅੰਦਰੀ?
ਜੀਹਨੂੰ ਜਾਣ ਕੇ ਛੱਡ ਆਏ ਸਾਂ ਉਹ ਪਛਤਾਵਾ ਬਣਕੇਕਈ
ਦਿਨਾਂ ਤੋਂ ਵੱਢ-ਵੱਢ ਦਿਲ ਨੂੰ ਕੋਏ ਅੰਦਰੋ-ਅੰਦਰੀ ।
ਦੋਹਾਂ ਆਪਣੇ-ਆਪਣੇ ਪਿਆਰ ਦਾ ਭੇਤ ਨਾ ਖੁੱਲ੍ਹਣ ਦਿੱਤਾ,
ਦੋਹਾਂ ਆਪਣੇ-ਆਪਣੇ ਸਾਹ ਖ਼ੁਸ਼ਬੋਏ ਅੰਦਰੋ-ਅੰਦਰੀ ।