ਉਸਾਰੀ ਤਾਜ ਦੀ ਕਿਧਰੇ

ਉਸਾਰੀ ਤਾਜ ਦੀ ਕਿਧਰੇ, ਕਿਤੇ ਕਿੱਸਾ ਤਬਾਹੀ ਦਾ। 

ਨਜ਼ਰ ਕਿਸ ਕਿਸ ਤਰ੍ਹਾਂ ਆਏ, ਨਸ਼ਾ ਜੋ ਬਾਦਸ਼ਾਹੀ ਦਾ। 

ਚਮਨ ਵਿੱਚ ਹਰ ਕਿਸੇ ਦੇ ਹੱਥ ਵਿੱਚ , ਕਲੀਆਂ ਦੇ ਗਜਰੇ ਨੇ, 

ਬੜਾ ਚਰਚਾ ਸੀ ਏਥੇ, ਫੁੱਲ ਤੋੜਨ ਦੀ ਮਨਾਹੀ ਦਾ। 

ਕਲਮ ਜੇ ਵੇਚ ਕੇ ਯਾਰੋ,ਅਸਾਂ ਹਥਿਆਰ ਲੈ ਆਂਦੇ,

ਕਿਵੇਂ ਇਤਿਹਾਸ ਲਿੱਖਾਂਗੇ,ਫਿਰ ਅਪਣੀ ਬੇ ਗੁਨਾਹੀ ਦਾ। 

ਇਦ੍ਹੇ ਹੋਠਾਂ ਤੇ ਲੱਗੇ ਖੌਫ਼ ਦੇ ਤਾਲੇ ਜ਼ਰਾ ਵੇਖੋ, 

ਪੜ੍ਹੋ ਖਾਂ ਮੁਨਸਿਫ਼ੋ,ਕੀ ਆਖਦੈ ਚਿਹਰਾ ਗਵਾਹੀ ਦਾ। 

ਗ਼ਜ਼ਲ ਜਦ ਸੱਚ ਕਹਿੰਦੀ ਹੈ,ਤਾਂ ਰੱਬ ਦਾ ਰੂਪ ਲੱਗਦੀ ਹੈ, 

ਇਬਾਦਤ ਵਾਂਗਰਾਂ ਲੱਗਦਾ ਹੈ,ਫਿਰ ਚਰਚਾ ਸੁਰਾਹੀ ਦਾ। 

📝 ਸੋਧ ਲਈ ਭੇਜੋ