ਉਸਦੇ ਮਨ ਦੀ ਮੂਰਖਤਾ ਤੋਂ ਡਰ ਲੱਗਦਾ ਹੈ।
ਜਿਸਨੂੰ ਤਨ ਦੀ ਸੁੰਦਰਤਾ ਤੋਂ ਡਰ ਲੱਗਦਾ ਹੈ।
ਅਕਸਰ ਬਹਿਸ ਮੁਬਾਹਿਸੇ ਤੋਂ ਉਕਤਾ ਜਾਂਦੇ ਹਾਂ,
ਸ਼ਬਦਾਂ ਵਿਚਲੀ ਨੀਰਸਤਾ ਤੋਂ ਡਰ ਲੱਗਦਾ ਹੈ।
ਜੇ ਭੌਰੇ ਦੀ ਤਾਨ ਭਰੇ ਫੁੱਲਾਂ ਵਿੱਚ ਮਸਤੀ,
ਕਿਉਂ ਤਿਤਲੀ ਦੀ ਚੰਚਲਤਾ ਤੋਂ ਡਰ ਲੱਗਦਾ ਹੈ?
ਜੰਮ ਜੰਮ ਰਾਜ ਕਰੋ ਫੱਕਰ ਨੇ ਕੀ ਲੈਣਾ ਹੈ,
ਉਸਨੂੰ ਸਿਰਫ਼ ਅਰਾਜਕਤਾ ਤੋਂ ਡਰ ਲੱਗਦਾ ਹੈ।
ਰੱਖੇ ਜਾਂ ਫਿਰ ਮਾਰੇ ; ਹੈ ਆਦੇਸ਼ ਮਹਾਵਤ,
ਬਸ ਅੰਕੁਸ਼ ਦੀ ਬਰਬਰਤਾ ਤੋਂ ਡਰ ਲੱਗਦਾ ਹੈ