ਉਠ ਜਾਗ ਕਿਸਾਨਾ ਯੋਧਿਆ

ਉਠ ਜਾਗ ਕਿਸਾਨਾ ਯੋਧਿਆ  ਉਠ  ਪੱਗ  ਸੰਭਾਲ਼  ਉਇ ।

ਤੇਰੇ ਘਰ ਤੱਕ ਦੁਸ਼ਮਣ ਆ ਗਿਆ ਤੇਰਾ ਲੁੱਟਣ ਮਾਲ ਉਇ ।

ਜਾਗ ਕਿਸਾਨਾ ਘਰ ਤੇਰੇ ਵਿੱਚ ਦੁਸ਼ਮਣ ਲਾਈਆਂ ਅੱਗਾਂ ।

ਤੂੰ ਸੁੱਤਾ  ਤੇਰੇ ਸਿਰ ਤੋਂ ਫਿਰਦੈ ਦੁਸ਼ਮਣ ਲਾਹੁਣ ਨੂੰ ਪੱਗਾਂ ।

ਖੇਡ ਰਹੀ ਸਰਕਾਰ ਤੇਰੇ ਨਾਲ ਕੋਝੀ ਚਾਲ ਉਇ ।

ਇਕ ਪਾਸੇ ਮਹਾਂ ਮਾਰੀ  ਉਪਰੋਂ  ਦਿੱਲੀ ਚੁਕੀਆਂ ਅੱਤਾਂ ।

ਬੇਈਮਾਨ ਸਰਕਾਰ ਦੀਆਂ ਨੇ ਮਾਰੀਆਂ ਗਈਆਂ ਮੱਤਾਂ ।

ਦੇਸ਼ ਦੇ ਅੰਨ ਦਾਤੇ ਨੂੰ ਕਰਨਾ ਚਾਹੁਣ ਕੰਗਾਲ ਉਇ  ।

ਪੂੰਜੀਪਤੀ ਅਮੀਰਾਂ ਦੇ ਹੱਥ ਵਿਕੀਆਂ ਨੇ ਸਰਕਾਰਾਂ ।

ਹਰੇ ਭਰੇ ਤੇਰੇ  ਖੇਤਾਂ ਦੇ ਵਿੱਚੋਂ  ਲੁੱਟਣਾ  ਚਾਹੁਣ ਬਹਾਰਾਂ ।

ਮੋਢੇ ਨਾਲ ਮੋਢਾ ਜੋੜ ਚਲੋ ਸ਼ੇਰਾਂ ਦੀ ਚਾਲ ਉਇ ।

ਹੱਥਾਂ ਦੇ ਵਿੱਚ ਹੱਥ ਫੜੋ ਕਦਮਾਂ ਨਾਲ ਕਦਮ ਮਿਲਾਵੋ ।

ਦੇਸ਼  ਵਾਸੀਓ  ਕੱਠੇ ਹੋ ਕੇ  ਜ਼ਾਲਮ ਤਖਤ ਹਿਲਾਵੋ । 

ਪਰਬਤ ਡੋਲਣ ਧਰਤੀ ਤੇ ਆ ਜਾਏ ਭੂਤਾਲ  ਉਇ ।

ਉਠ 'ਸੁਰਜੀਤ' ਅਸੀ ਵੀ ਹੁਣ ਕਿਰਸਾਨ ਦੇ ਨਾਲ ਖਲੋਈਏ ।

ਬੰਨ ਕਾਫ਼ਲੇ ਧੀਆਂ ਮਾਵਾਂ, ਯੁੱਧ ਵਿੱਚ ਸ਼ਾਮਲ ਹੋਈਏ ।

ਛੱਡਣੇ ਨਹੀਂ ਹੱਕ, ਭਾਵੇਂ ਲੱਗ ਜਾਣ ਸਾਲ ਉਇ ।

📝 ਸੋਧ ਲਈ ਭੇਜੋ