ਉਠ ਕੁੜੇ ਦਿਨ ਵਡਾ ਚੜ੍ਹਿਆ,
ਪੰਧ ਪਏ ਸਿਰ ਦੂਰਾਂ ਦੇ ।
ਤੇਰੀ ਖ਼ਾਤਰ ਕਈ ਮੁਸਾਫ਼ਰ,
ਅਟਕੇ ਨਾਲ ਅਧੂਰਾਂ ਦੇ ।
ਪੰਧ ਪਈ ਪਛਤਾਵਣ ਲੱਗੀ,
ਤੁਰਦੀ ਨਾਲ ਲਹੂਰਾਂ ਦੇ ।
ਛੁਟ ਗਏ ਓਹ ਰਾਜ ਦੁਆਰੇ,
ਹੋਈ ਵਾਂਗ ਮਜ਼ਦੂਰਾਂ ਦੇ ।
ਓਹ ਦਿਨ ਯਾਦ ਕਰੇ ਬਹਿ ਰੋਵੇ,
ਮੌਤ ਨਿਮਾਣੀ ਘੂਰਾਂ ਦੇ ।
ਦੋਜ਼ਖ਼ ਭਾਂਬੜ ਦੂਰੋਂ ਦਿਸਦੇ,
ਤਪਦੇ ਵਾਂਗ ਤੰਦੂਰਾਂ ਦੇ ।
ਕਾਲ ਕਲੰਦਰ ਗਲ ਵਿੱਚ ਪਾਏ,
ਪੁਠੇ ਪੇਚ ਜੰਬੂਰਾਂ ਦੇ ।
ਧਰਮ ਰਾਇ ਦਾ ਲੇਖਾ ਦੇਣਾ,
ਦਫ਼ਤਰ ਖ਼ਾਸ ਹਜ਼ੂਰਾਂ ਦੇ ।
ਨਰਕ ਅਠਾਰਾਂ ਭੋਗ ਪਰਾਣੀ,
ਮਿਲੇ ਇਨਾਮ ਗਰੂਰਾਂ ਦੇ ।
ਅੰਧਾ ਬੋਲ ਸੁਣੇ ਨ ਦੇਖੇ,
ਮੰਗਲ ਪਰੀਆਂ ਹੂਰਾਂ ਦੇ ।
ਅਕੋਂ ਚਕੋਂ ਮੁਸ਼ਕ ਨਾ ਆਵਨ,
ਅਤਰ ਗੁਲਾਬ ਕਪੂਰਾਂ ਦੇ ।
ਅਰਿੰਡ ਬੀਜ ਕੇ ਈਸ਼ਰ ਦਾਸਾ,
ਮੇਵੇ ਕਹਾਂ ਖਜੂਰਾਂ ਦੇ ।