ਉੱਠ ਪਏ ਨੇ ਕਦਮ ਵੱਲ ਮੰਜ਼ਿਲਾਂ ਦੇ,
ਰੱਖ ਹੌਸਲਾ ਜਿੱਤ ਪੱਕੀ ਤੇਰੀ ਹੈ।
ਜੇ ਲੜਾਂਗੇ ਹੱਕਾਂ ਲਈ ਰਲਮਿਲ ਆਪਾਂ,
ਇਹ ਮੰਗ ਸਭ ਦੀ, ਨਾ ਤੇਰੀ ਮੇਰੀ ਹੈ।
ਬੂੰਦ ਬੂੰਦ ਨਾਲ ਹੀ ਬਣੇ ਸਾਗਰ,
ਸਾਗਰਾਂ ਦਾ ਤੂਫਾਨ ਹੈ ਅਸੀਂ ਬਣਨਾ।
ਵੱਖ ਵੱਖ ਵਹਿਣਾਂ ਵਿੱਚ ਨਹੀਂ ਵਹਿਣਾ,
ਨਾ ਹੀ ਇੱਕ ਥਾਂ 'ਤੇ ਅਸੀਂ ਹੈ ਖੜਨਾ।
ਹੋ ਜਾਈਏ ਇੱਕ-ਮੁੱਠ ਅਸੀਂ ਸਾਰੇ,
ਕਾਹਤੋਂ ਲਾ ਰੱਖੀ ਤੁਸਾਂ ਨੇ ਦੇਰੀ ਹੈ।
ਜ਼ਾਲਮਾਂ ਦੀ ਸਦਾ ਇਹ ਰਹੀ ਨੀਤੀ,
ਪਾੜ੍ਹੋ ਤੇ ਇਹਨਾਂ 'ਤੇ ਰਾਜ ਕਰੋ।
ਹੁਣ ਫਿਰ ਤੋਂ ਲੋਕ ਜਗਾਉਣੇ ਆਪਾਂ,
ਹੱਕਾਂ ਦੇ ਲਈ ਬੁਲੰਦ ਆਵਾਜ਼ ਕਰੋ।
ਜਿਹੜੇ ਲੜਦੇ ਨਹੀਂ ਹੱਕਾਂ ਵਾਸਤੇ ਜੀ,
ਉਹ ਜੀਂਦੇ ਜਾਗਦੇ ਨਾ, ਮਿੱਟੀ ਦੀ ਢੇਰੀ ਨੇ।
ਇੱਕ ਚੁੱਕੀ ਸੀ ਆਵਾਜ਼ ਭਗਤ ਸਿੰਘ ਨੇ,
ਲੜਿਆ ਸੀ ਲੜਾਈ ਬਰਾਬਰੀ ਲਈ।
ਆਜ਼ਾਦੀ ਸੌਖਿਆਂ ਸਾਨੂੰ ਨਹੀਂ ਮਿਲੀ,
ਸ਼ਹੀਦ ਹੋਏ ਸੀ ਮਾਵਾਂ ਦੇ ਪੁੱਤ ਕਈ।
ਜੇ ਸੋਚਦੇ ਨਾ 'ਅਮਰ' ਕੁਝ ਕਰਨੈ ਦੀ,
ਰਹਿਣੀ ਗੁਲਾਮੀ ਦੀ ਰਾਤ ਹਨੇਰੀ ਹੈ।