ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ

ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ,

ਏਸ ਵਤਨ ਪਿਆਰੇ ਦੇ ਨਾਮ ਉੱਤੋਂ ।

ਸਾਗ਼ਰ ਆਬ-ਏ-ਹਯਾਤ ਦਾ ਸਮਝ ਲਈਏ,

ਰਾਜ ਮਿਲੇ ਜੇ ਮੌਤ ਦੇ ਜਾਮ ਉੱਤੋਂ ।

ਉੱਤੋਂ ਦੇਸ ਦੇ ਇੰਝ ਕੁਰਬਾਨ ਹੋਈਏ,

ਰਾਧਾ ਹੋਈ ਬਲਿਹਾਰ ਜਿਉਂ ਸ਼ਾਮ ਉੱਤੋਂ ।

ਪੈਦਾ ਇਸ ਤਰ੍ਹਾਂ ਦਾ ਇਨਕਲਾਬ ਹੋਵੇ,

ਨਿਕਲੇ ਫਜਰ ਜਿਉਂ ਰਾਤ ਮਕਾਮ ਉੱਤੋਂ ।

ਰੱਖ ਨੂਰ ਆਜ਼ਾਦੀ ਦਾ ਨਿਗਹ ਅੰਦਰ,

ਦੂਰ ਹੁਣ ਗ਼ੁਲਾਮੀ ਜ਼ੁਲਮਾਤ ਕਰੀਏ ।

ਸਾਡੀ ਗੱਲ ਆਵੇ ਵਿਗੜੀ ਰਾਸ 'ਦਾਮਨ',

ਰਲ ਮਿਲ ਕੇ ਤੇ ਐਸੀ ਬਾਤ ਕਰੀਏ ।

📝 ਸੋਧ ਲਈ ਭੇਜੋ