ਉਸ ਦਿਨ
ਪਤਝੜ ਨੇ
ਹੌਲ਼ੀ ਜਿਹੀ ਮੈਨੂੰ ਕਿਹਾ-
ਵੇਖਦੀ ਏਂ
ਕੇਸਰੀ ਅੰਬਰ ਤੋਂ
ਸਰਕਦਾ ਸਰਕਦਾ ਸੂਰਜ
ਸਹਿਜੇ ਸਹਿਜੇ
ਧਰਤੀ ਦੀ ਧੁੰਨੀ ਨੂੰ ਜਾ ਲੱਗੈ !
ਅਚਾਨਕ ਬਾਰੀ 'ਚੋਂ ,
ਇਕ ਮੱਧਮ ਜਿਹੀ ਆਵਾਜ਼ ਉੱਭਰੀ
ਮੈਂ ਵੇਖਿਆ
ਰੁੱਖ ਤੋਂ ਡਿੱਗ ਕੇ ਇਕ ਸੁੱਕਾ ਪੱਤਾ
ਸਹਿਮਿਆ ਜਿਹਾ
ਧਰਤੀ 'ਤੇ ਪਿਆ
ਥਰ-ਥਰ ਕੰਬ ਰਿਹਾ ਸੀ !
ਮੈਂ ਤ੍ਰਭਕੀ
ਆਪ ਮੁਹਾਰੇ ਧਿਆਨ ਉਚਕ ਕੇ
ਪਿਤਾ ਜੀ ਦੇ ਕਮਰੇ ਵੱਲ ਦੌੜਿਆ!
ਸੁੰਨੇ ਜਿਹੇ ਕਮਰੇ 'ਚ
ਇਕੱਲੇ ਬੈਠੇ
ਅਠਾਨ੍ਹਵੇਂ ਵਰ੍ਹਿਆਂ ਦੇ ਬਜ਼ੁਰਗ-
ਮੇਰੇ ਪਿਤਾ
ਟੀ. ਵੀ. 'ਤੇ ਚੱਲ ਰਿਹਾ
ਕ੍ਰਿਕਟ ਦਾ ਮੈਚ ਵੇਖ ਰਹੇ ਸਨ !
ਮਸਾਂ ਸਾਹ ਵੱਲ ਹੋਇਆ ਸੀ
ਕਿ ਚਾਣਚੱਕ
ਵਾਤਾਵਰਣ ਵਿਚ
ਇਕ ਹੋਰ ਆਵਾਜ਼ ਨਿੱਤਰੀ!
ਇਸ ਬਾਰ ਤੱਕਿਆ ਤਾਂ
ਕੋਈ ਸੁੱਕਾ ਪੱਤਾ ਨਹੀਂ ਸੀ ਡਿੱਗਿਆ
ਸਗੋਂ ਮੇਰੇ ਪਿਤਾ ਨੇ
ਉੱਚੇ ਠਹਾਕੇ ਤੋਂ ਬਾਅਦ
ਜ਼ੋਰ ਦੀ ਤਾੜੀ ਮਾਰੀ ਸੀ,
ਸ਼ਾਇਦ ਉਨ੍ਹਾਂ ਦੀ ਚਹੇਤੀ ਟੀਮ
ਜਿੱਤ ਗਈ ਸੀ!
ਮੈਂ ਹੱਸ ਪਈ,
ਅੰਬਰ ਵੱਲ ਤੱਕਿਆ-
ਬਾਰੀ 'ਚੋਂ ਨਿੱਕਲ਼ ਕੇ
ਪੂਰੇ ਦਾ ਪੂਰਾ ਸੰਧੂਰੀ ਸੂਰਜ
ਮੇਰੇ ਪਿਤਾ ਦੇ ਕਮਰੇ 'ਚ ਭਰ ਆਇਆ ਸੀ !
ਮੈਂ
ਹੌਲੇ ਜਿਹੇ ਪਤਝੜ ਨੂੰ ਆਖਿਆ-
ਜੇ ਜਿਊਣ ਦਾ ਵੱਲ ਆ ਜਾਵੇ
ਤਾਂ ਹਰ ਵਰੇਸ ਉਤਸਵ ਹੁੰਦੀ ਏ!