ਉਤਰ-ਆਧੁਨਿਕ ਮੁਹੱਬਤ

ਮੇਰੇ ਦੋਸਤ ਦੀ ਮਹਿਬੂਬਾ ਨੇ

ਕੁਝ ਇਕ ਸ਼ਰਤਾਂ ਰੱਖ ਕੇ

ਉਸਨੂੰ ਆਪਣੀ ਮੁਹੱਬਤ ਪੇਸ਼ ਹੈ ਕੀਤੀ

ਆਖਣ ਲੱਗੀ -

ਇਸ ਤਰਾਂ ਦੀ ਨਹੀਂ ਹਾਂ

ਉਂਜ ਤਾਂ ਮੈਂ ਭਾਵੇਂ

ਪਤਾ ਨਹੀਂ ਪਰ ਏਸ ਉਮਰ ਵਿਚ

ਇਹ ਦਿਲ ਚੰਦਰਾ ਕਿੰਜ ਭਟਕ ਗਿਆ ਹੈ

ਬੱਚੇ ਵੱਡੇ

ਜ਼ਿੰਮੇਵਾਰੀਆਂ ਵੀ ਬਹੁਤ ਨੇ

ਪਰ ਫੇਰ ਵੀ ਤੁਰਦਾ ਤੁਰਦਾ ਸਮਾਂ

ਨੈਣਾਂ ਵਿਚ ਕਿਧਰੇ ਅਟਕ ਗਿਆ ਹੈ

 

ਕਹਿਣ ਲੱਗੀ -

 

ਚੱਲ ਜਿਵੇਂ ਵੀ ਹੈ

ਪਰ ਤੂੰ

ਸਿਰਫ਼ ਉਦੋਂ ਮੈਨੂੰ ਫੋਨ ਹੈ ਕਰਨਾ

ਜਦੋਂ ਮੈਂ ਆਪਣੇ ਫੋਨ ਦੇ ਉਤੋਂ

ਆਪ ਤੈਨੂੰ ਮਿਸ ਕਾਲ ਮਾਰਾਂ

ਛੁੱਟੀ ਵਾਲੇ ਦਿਨ ਤਾਂ

ਬਿਲਕੁਲ ਸੰਭਵ ਨਹੀਂ ਹੈ

ਗੱਲਬਾਤ ਆਪਣੀ

ਪਤੀ ਦੇਵ ਜੀ ਘਰ ਹੁੰਦੇ ਨੇ

ਸਾਰਾ ਦਿਨ ਹੀ

ਘਰ ਦੇ ਕੰਮਾਂ ਵਿਚ ਗੁਜ਼ਾਰਾਂ

 

ਮੈਸੇਜ ਤਾਂ ਜਮ੍ਹਾਂ ਨੀਂ ਕਰਨਾ

ਬੱਚੇ ਵੱਡੇ

ਮੈਸੇਜ ਬੌਕਸ ਖੋਹਲ ਨੇ ਲੈਂਦੇ

ਮੋਬਾਈਲ ਸਾਰਾ ਫਰੋਲ ਨੇ ਲੈਂਦੇ

 

ਉਂਜ ਸੱਚ ਜਾਣੀਂ

ਤੈਨੂੰ ਬਹੁਤ ਹੀ ਮਿਸ ਕਰਦੀ ਹਾਂ

ਸਾਰਾ ਦਿਨ ਚੇਤੇ ਕਰਦੀ ਹਾਂ...

 

ਧਿਆਨ ਰੱਖੀਂ ਪਰ ਪੜ੍ਹਨ ਦੇ ਮਗਰੋਂ

ਸਾਰੇ ਮੇਰੇ ਮੈਸੇਜ਼ ਤੂੰ ਡਿਲੀਟ ਕਰ ਦਈਂ

ਕਿਧਰੇ ਕੋਈ ਮੈਸੇਜ ਲਿਖਿਆ ਰਹਿ ਨਾ ਜਾਵੇ

ਬਿਨਾਂ ਵਜ੍ਹਾ ਹੀ

ਕੋਈ ਸਿਆਪਾ ਪੈ ਨਾ ਜਾਵੇ

 

ਕਿਧਰੇ ਕੁਝ ਜੇ ਪਤਾ ਲੱਗ ਗਿਆ

ਜ਼ਿੰਦਗੀ ਮੇਰੀ ਤਬਾਹ ਹੋ ਜਾਣੀ

ਬਿਨਾ ਵਜ੍ਹਾ ਹੀ

ਐਵੇਂ ਜਾਂਦੀ ਜਾਹ ਹੋ ਜਾਣੀ....

 

ਮੇਰੇ ਦੋਸਤ ਦੀ ਮਹਿਬੂਬਾ ਨੇ

ਕੁਝ ਇਕ ਸ਼ਰਤਾਂ ਰੱਖ ਕੇ ਉਸਨੂੰ

ਆਪਣੀ ਮੁਹੱਬਤ ਪੇਸ਼ ਹੈ ਕੀਤੀ.......।

📝 ਸੋਧ ਲਈ ਭੇਜੋ