ਵਾਗ ਦਿਲੇ ਦੀ ਹੱਥ ਨ ਮੇਰੇ,
ਮਹਮਲ ਕਿਉਂਕਰ ਠੱਲਾਂ ਮਾਂ ।
ਜਿਤ ਵਲ ਇਸ਼ਕ ਉਠਾਈਆਂ ਵਾਗਾਂ,
ਹੋ ਬੇ-ਉਜ਼ਰੀ ਚੱਲਾਂ ਮਾਂ ।
ਕਦੇ ਵਿਚ ਜੰਗਲ ਬੇਲੇ ਬਰਵਰ,
ਕਦੇ ਵਿਚ ਔਝੜ ਝੱਲਾਂ ਮਾਂ ।
ਇਸ ਥੀਂ ਇਹ ਥਲਕਾ ਮੈਨੂੰ,
ਕਰਦਾ ਇਸ਼ਕ ਅਵੱਲਾ ਮਾਂ ।
'ਇਨੀ ਫੀ ਹੁਬ ਮਹਬੂਬ'
ਕਿਉਂ ਦੇ ਹੁਣ ਝਿੜਕ ਧੜੱਲਾਂ ਮਾਂ ।
ਮੈਂ ਤੇ ਰਾਂਝਣ ਅਹਦ ਸਚਾਵਾਂ,
ਝੂਠੀਆਂ ਛੱਡ ਦੇਹ ਗੱਲਾਂ ਮਾਂ ।
'ਤਸ਼ਹਦ ਅਰ ਜੁਲਹੁਮ' ਜਾਂ ਹੋਸੀ,
ਮੂੰਹੋਂ ਹੋਸਣ ਗੱਲਾਂ ਮਾਂ ।
ਕਿਆਮਤ ਸਿਫਤ ਉਸ਼ਾਕਾਂ ਵਾਲੀ,
ਇਨਸ਼ਾ ਅੱਲਾ ਮੱਲਾਂ ਮਾਂ ।
ਚਾਕਰ ਚਾਕ ਹਜ਼ਾਰੇ ਦੇ ਵਿਚ,
ਮਲਕਾਂ ਮੁਲਕ ਮਹੱਲਾਂ ਮਾਂ ।
ਚਾਕੇ ਦੀ ਹੀਰ ਚਾਕਰ ਹੈਦਰ,
ਮੂੰਹੋਂ ਗਵਾਹੀ ਘੱਲਾਂ ਮਾਂ ।੨੦।