ਵਾਂਗ ਸੁਦਾਈਆਂ ਖੁੱਲੇ ਵਾਲ, ਉਹਨੂੰ ਆਖੀਂ

ਵਾਂਗ ਸੁਦਾਈਆਂ ਖੁੱਲੇ ਵਾਲ, ਉਹਨੂੰ ਆਖੀਂ

ਬਚਣਾ ਤੇਰੇ ਬਾਝ ਮੁਹਾਲ, ਉਹਨੂੰ ਆਖੀਂ

ਖੇਡ ਸੀ ਚੰਨਾ ਤੇਰੀ ਖ਼ਾਤਰ ਪਿਆਰ ਕਹਾਣੀ,

ਪਰ ਮੈਂ ਛੱਡੀ ਜਿੰਦੜੀ ਗਾਲ, ਉਹਨੂੰ ਆਖੀਂ

ਕਿੰਜ ਸ਼ਰੀਕਾਂ ਕੋਲੋਂ ਆਪਣੀ ਚੂਕ ਛੁਡਾਵਾਂ,

ਚਾਰ-ਚੁਫ਼ੇਰੇ ਖਿਲਰੇ ਜਾਲ, ਉਹਨੂੰ ਆਖੀਂ

ਰਾਹੀਆ ਨਹੀਂ ਯਕੀਨ ਜੇ ਤੈਨੂੰ ਮੇਰੀ ਗੱਲ ਦਾ,

ਜੋ ਤੱਕਿਆ ਤੂੰ ਮੇਰਾ ਹਾਲ ਉਹਨੂੰ ਆਖੀਂ

ਨਾਲ ਸੁਨੇਹੇ ਹੋਣ ਨਾ 'ਸ਼ਾਮੀ' ਦੂਰ ਉਲਾਹਮੇਂ,

ਇਕ ਵਾਰੀ ਆਵੇ 'ਭਲਵਾਲ' ਉਹਨੂੰ ਆਖੀਂ

📝 ਸੋਧ ਲਈ ਭੇਜੋ