ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ
ਅੰਗ ਲਮਕਣ ਨੰਗੀ ਤਾਰ ਤੇ, ਵਿੱਚ ਰੱਤ ਕੀ ਆਉਣੀ
ਅਸੀਂ ਝੂਠੋ ਝੂਠੀ ਖੇਡ ਕੇ, ਇੱਕ ਸੱਚ ਬਣਾਇਆ
ਫਿਰ ਉਸ ਨੂੰ ਧਰਮੀ ਲਹਿਰ ਦਾ, ਇੱਕ ਤੜਕਾ ਲਾਇਆ
ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ
ਯਾਂ ਹੱਸੀਏ ਘੂਰੀ ਵੱਟ ਕੇ, ਯਾ ਖਿਝਦੇ ਜਾਈਏ
ਕੋਈ ਨੇਜ਼ੇ ਉੱਤੇ ਸੱਚ ਵੀ, ਇਥੇ ਨਹੀਂ ਪਚਨਾ
ਭਾਵੇਂ ਈਸਾ ਮੁੜ ਕੇ ਆ ਜਾਏ, ਇਥੇ ਨਹੀਂ ਬਚਣਾ
ਅਸੀਂ ਅੱਖਾਂ ਮਲ ਮਲ ਵੇਖੀਏ, ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ
ਚੰਗਾ ਈ ਸੀ ਪੁੱਤਰਾ! ਜੇ ਦੇਸ ’ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲ਼ਿਆ, ਸਾਡੇ ਬਾਬੇ ਕਹਿੰਦੇ
ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੁ ਖੱਬੀ
ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ਼ ਲੱਭੀ
ਅਸੀਂ ਜੁਤੇ ਵਿੱਚ ਪੰਜਾਲੀਆਂ, ਹਲ਼ ਬਣ ਗਏ ਫਾਹੀਆਂ
ਅਸੀਂ ਖੇਤਾਂ ਵਿੱਚ ਈ ਬੀਜੀਆਂ, ਕਈ ਸਾਲ, ਛਮਾਹੀਆਂ
ਅਸੀਂ ਵਿਲਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ
ਫਿਰ ਲੱਤਾਂ ਕੱਢੀਆਂ ਚੌਧਰੀ, ਅਸੀਂ ਘੁੱਟਣ ਲੱਗ ਪਏ
ਨਹੀਂ ਖਾਣ ਪੀਣ ਨੂੰ ਲੱਭਦਾ, ਸਾਡੇ ਘਰ ਵਿੱਚ ਸਾਇਆ
ਅਖ਼ੇ ਬੋਤਲ ਚੋਂ ਨਹੀਂ ਪੀਵਣਾ, ਇਹ ਦਮ ਕਰਵਾਇਆ
ਅਸੀਂ ਛਿਟੀ ਚਿਰਾਵਨ ਲੈ ਗਏ, ਕਿੰਜ ਬੂਹਾ ਨਿਕਲੇ
ਜਿਉਂ ਬੀਨ ਵਜਾਈਏ ਰੁੱਡ ’ਤੇ ਤਾਂ ਚੂਹਾ ਨਿਕਲੇ
ਗਏ ਵੱਡੇ ਬਾਹਰ ਵਲੈਤ 'ਚੋਂ, ਸ਼ਾਹੂਕਾਰ ਲਿਆਏ
ਸਾਡੀ ਖੜੀ ਕਪਾਹ ਨੂੰ ਵੇਚਿਆ, ਅਸੀਂ ਮੰਗ ਕੇ ਪਾਏ
ਜਦ ਸ਼ੀਸ਼ੇ ਮੂਹਰੇ ਆ ਗਏ, ਬਣ ਅਫ਼ਲਾਤੂਨੀ
ਤਦ ਸ਼ਕਲਾਂ ਦਿਸੀਆਂ ਕਾਲੀਆਂ, ਹੱਥ ਖੂਨੋ ਖੂਨੀ
ਅਸੀਂ ਖੜੇ ਖਲੋਤੇ ਕੰਬ ਗਏ, ਪਰਛਾਵੇਂ ਬਦਲੇ
ਸਾਡੇ ਆਪਣਿਆਂ ਪਟਵਾਰੀਆਂ, ਸਾਡੇ ਨਾਵੇਂ ਬਦਲੇ
ਸਾਨੂੰ ਸੁਰਤ ਨਾ ਆਈ ਹੋਵੰਦੇ, ਕਿੰਜ ਘਾਟੇ ਵਾਧੇ
ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ
ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ
ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ
ਸਾਡਾ ਗੰਨਾ ਮਿੱਲ ਨੇ ਪੀੜਿਆ, ਰਹੁ ਰੱਤੀ ਨਿਕਲੀ
ਉਸ ਰੱਤ ਚੋਂ ਪੱਗਾਂ ਵਾਲਿਆਂ ਦੀ, ਪੱਤੀ ਨਿਕਲੀ
ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ, ਸਾਨੂੰ ਚੌਧਰ ਪੈ ਗਈ
ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ, ਸਾਡੇ ਸਿਰ 'ਤੇ ਬਹਿ ਗਈ
ਕੀ ਦੱਸਾਂ ਸਾਹ ਦੀ ਮੰਡੀਏ, ਕਿੰਜ ਮੰਦਾ ਹੁੰਦਾ
ਮੈਂ ਰੱਬ ਨਾਲ਼ ਦੁੱਖੜੇ ਫੋਲਦਾ ਜੇ ਬੰਦਾ ਹੁੰਦਾ