ਵੈਕਿਉਮ ਕਲੀਨਰ

ਛੁੱਟੀ ਵਾਲੇ ਦਿਨ

ਬੀਵੀ ਮੇਰੀ

ਵੈਕਿਉਮ ਕਲੀਨਰ ਲਈ

ਕਰਨ ਲੱਗਦੀ ਸਫ਼ਾਈ ਘਰ ਦੀ

 

ਛੱਤਾਂ ਦੇ ਕੋਨਿਆਂ ’ਚ

ਸੋਫਿਆਂ ਦੀਆਂ ਨੁੱਕਰਾਂ ’ਚ

ਲੁਕੀ ਜੰਮੀ ਧੂੜ

ਮਕੜੀਆਂ ਨਜ਼ਰਾਂ ਚੁਰਾ ਕੇ

ਲਾ ਲੈਂਦੀਆਂ ਜਾਲੇ

ਵਾਰ ਵਾਰ ਖਿੱਚ ਲੈਂਦਾ

ਵੈਕਿਉਮ ਕਲੀਨਰ

 

ਆਖਦਾ ਹਾਂ ਉਸਨੂੰ

ਮੇਰੇ ਵੀ ਜ਼ਹਿਨ ’ਚ

ਸਦੀਆਂ ਤੋਂ ਜੰਮੀ ਹੈ ਗਰਦ

ਸੰਸਕਾਰਾਂ ਦੀ

ਫਲਸਫ਼ਿਆਂ ਦੇ ਜਾਲੇ

ਲਟਕਦੇ ਥਾਂ ਕੁਥਾਂ

ਯਾਦਾਂ ਕੁਝ ਬੁਸੀਆਂ ਦੀ ਲੱਗੀ ਉੱਲੀ

ਰਿਸ਼ਤਿਆਂ ਦੀ ਮੈਲ ਕੰਧਾਂ ਤੇ

ਮਨ ਦੇ ਹਨ੍ਹੇਰੇ ਤਹਿਖਾਨਿਆਂ ’ਚ

 

ਆਖਦਾ ਹਾਂ-

ਖਿੱਚ ਲੈ

ਵੈਕਿਉਮ ਕਲੀਨਰ ਨਾਲ

ਮੇਰੇ ਦਿਮਾਗ ’ਚ ਫਸੀਆਂ

ਯਾਦਾਂ ਦੀਆਂ ਮਕੜੀਆਂ

ਬੁਣਦੀਆਂ ਰਹਿੰਦੀਆਂ ਜਾਲੇ ਸਦਾ

ਉਲਝਿਆ ਰਹਿੰਦਾ ਮਨ

 

ਗ਼ਰਦ ਸੰਸਕਾਰਾਂ ਦੀ

ਜਿਊਣ ਨੂੰ ਬਣਾ ਦਿੰਦੀ

ਰਸਹੀਣ

ਬੇਸਵਾਦ

 

ਖਿੱਚ ਲੈ

ਮੇਰੇ ਅੰਦਰੋਂ

ਸਾਰੀ ਫਲਸਫ਼ਿਆਂ ਦੀ ਧੂੜ

 

ਬਣਾ ਦੇ ਮੈਨੂੰ

ਇੱਕ ਵਾਰ ਫਿਰ ਤੋਂ

ਨਵਾਂ ਨਕੋਰ...।

📝 ਸੋਧ ਲਈ ਭੇਜੋ