ਵੱਡੇ ਜਿੰਦੜੀ ਦੇ ਦਾਵੇ,
ਧਰਤੀ ਨੱਸੀ ਨੱਸੀ ਆਵੇ
ਘੁਲੀ ਨੀਂਦ ਵਿਚ ਜਾਵੇ
ਤਨ ਮਨ ਨਜ਼ਰ ਹੀ ਬਣਾਵੇ—
ਜਿਹੜੀ ਹਸ਼ਰ ਵਾਂਗੂੰ ਤਪੇ
ਸਾਹਿਬਾਂ ਦਿੱਸ ਨ ਸਕੇ।
ਨੈਆਂ ਪੰਖੀਆਂ ਜਿਉਂ ਆਈਆਂ
ਕੁਲ ਧਰਤ ਉੱਤੇ ਛਾਈਆਂ
ਰਾਹ ਗਗਨਾਂ ਦੇ ਲਿਆਈਆਂ
ਨਜ਼ਰਾਂ ਨੀਂਦਰਾਂ 'ਤੇ ਪਾਈਆਂ–
ਪੈਂਡੇ ਸਮਿਆਂ ਦੇ ਹੱਫੇ
ਸਾਹਿਬਾਂ ਦਿੱਸ ਨ ਸੱਕੇ।
ਪੈਂਡੇ ਬੋਲਿਆਂ ਦੇ ਤੰਗ !
ਛੱਡ ਕੁਦਰਤਾਂ ਦੇ ਰੰਗ
ਜੋ ਵੀ ਦਿਸੇ ਉਸਨੂੰ ਲੰਘ
ਵੇਖਾਂ ਨੱਢੜੀ ਦੇ ਅੰਗ-
ਪਾਰ ਪਰੇ ਪਰੇ ਜੋ
ਉਹੀਓ ਸਾਹਿਬਾਂ ਦੀ ਲੋਅ।
ਵਿੰਨ੍ਹਾਂ ਸੂਰਜਾਂ ਦੀ ਬਾਰੀ
ਵਿੰਨ੍ਹਾਂ ਕਹਿਕਸ਼ਾਂ ਔਹ ਸਾਰੀ
ਤੱਕਾਂ ਬੇਲਿਆਂ ਨੂੰ ਪਿਆਰੀ
ਲਾਵਾਂ ਡੂੰਘੜੀ ਕੋਈ ਤਾਰੀ—
ਤੀਰ ਸੁਬਕ ਕੰਨਸੋਅ
ਗਏ ਨੀਂਦ ਵਿਚ ਖੋ।
ਮਿਰਜ਼ਾ ਤੋੜਦਾ ਜ਼ੰਜੀਰਾਂ
ਖੋਰ ਰਿਹਾ ਤਸਵੀਰਾਂ
ਪਈਆਂ ਜਲੀਂ ਥਲੀ ਭੀੜਾਂ
ਦੀਦ ਮਿਲੇ ਜੇ ਅਖ਼ੀਰਾਂ—
ਬੈਠਾ ਨੀਂਦਰਾਂ ਦੇ ਦੁਆਰ
ਬੁਰਕੇ ਹਸ਼ਰਾਂ ਦੇ ਪਾੜ।
ਵਿਹੜੇ ਨੀਂਦਰਾਂ-ਨਸੀਬਾਂ
ਸਾਹ ਹੁਸਨ ਦੇ ਗ਼ਰੀਬਾਂ
ਖੈਰਾਂ ਮੰਗੀਆਂ ਤਬੀਬਾਂ
ਲੰਮੇ ਪੈਂਡਿਆ ਰਕੀਬਾਂ
ਤੀਰ ਚੁੰਮੇ ਜਾ ਪਾਰ,
ਮਿੱਠੀ ਨੀਂਦਰਾਂ ਦੀ ਦਾਰ !
ਨਾਰ ਰੰਗਲੀ ਸੁਹਾਣੀ
ਮੇਘਾਂ ਪੰਖੀਆਂ ਪਛਾਣੀ,
ਜਲਾਂ ਥਲਾਂ ਵਾਲੀ ਬਾਣੀ
ਰਹੀ ਬੋਲਦੀ, ਨਾਂਹ ਜਾਣੀ !
ਤੁਰਦੀ ਨਾਗਾਂ ਦੇ ਪੈਂਡੇ
ਅਸੀਂ ਦੇਖਦੇ ਹੀ ਰਹਿੰਦੇ !
ਤੀਰ ਬਿਨਾਂ ਵਿਚ ਰੋਹੀ
ਬਸ ਨਜ਼ਰਾਂ ਨੇ ਮੋਹੀ
ਅੰਬਰ ਜ਼ਿਮੀਂ ਅਣਛੋਹੀ
ਬੂੰਦ ਸਬਰਾਂ ਦੀ ਕੋਈ -
ਵਰ੍ਹੇ ਨੀਂਦਰਾਂ 'ਚ ਵਹਿੰਦੇ
ਚੁੱਪ ਕਿਹੋ ਜੇਹੀ ਸਹਿੰਦੇ !
ਔਹ ਦੂਰ ਦੇ ਤਾਰਿਆਂ ਪਾਰ
ਪਈ ਅਜ਼ਲ ਨੂੰ ਮੋੜਦੀ ਨਾਰ
ਖੁਰ ਗਈ ਸਮੇਂ 'ਚ ਜਿੱਤ ਤੇ ਹਾਰ !
ਲੰਘੀ ਲੰਘੀ ਊਠਾਂ ਦੀ ਡਾਰ—
ਜਿਗਰੇ ਮਿਰਜ਼ੇ ਦੇ ਲੰਮੇ
ਸੁੱਤੇ ਉਮਰਾਂ ਦੇ ਵੰਨੇ।
ਫੁਰਨਾ ਸਾਹਿਬਾਂ ਦਾ ਹੋਰ
ਧਾਰ ਤੇਗਾਂ ਦੀ ਜ਼ੋਰ
ਪੁਰਸਲਾਤ ਰਿਹਾ ਖੋਰ
ਪੈਂਦਾਂ ਅਜ਼ਲ ਤਕ ਸ਼ੋਰ !
ਪੈਂਡੇ ਨਾਗਾਂ ਦੇ ਅੰਨ੍ਹੇ
ਨੀਂਦ ਮਿਰਜ਼ੇ ਦੀ ਬੰਨ੍ਹੇ !
ਮੀਨਾ ਸਾਗਰਾਂ 'ਚ ਭੌਣਾਂ
ਖ਼ਿਆਲ ਖ਼ਾਬਾਂ 'ਚ ਸੌਣਾਂ,
ਪਾਕ ਹਰਫ਼ਾਂ ਦਾ ਆਉਣਾ
ਰੂਹ ਦੀ ਝਿਮਝਿਮ ਬਣਾਉਣਾ,
ਮਿੱਠੀਆਂ ਨੀਂਦਾਂ ਦੇ ਕੋਲ
ਸਾਹਿਬਾਂ ਬੋਲੋ ਇਉਂ ਬੋਲ !
ਨੀਂਦਰ ਵਣਾਂ ਦੇ ਵੰਨੇ
ਉਡਦੇ ਤੀਰ ਤੈਂ ਬੰਨ੍ਹੇ-
ਚਿਰ ਤੋਂ ਗੱਲ ਜੋ ਮੰਨੇਂ
ਪੈਂਦੀ ਹਸ਼ਰ ਦੇ ਕੰਨੇ—
ਸ਼ੀਰੀਂ ਨੀਂਦਾਂ ਤੋਂ ਬੋਲ
ਨਦੀਆਂ ਭਰਦੀਆਂ ਝੋਲ।