ਵੱਡੇ ਵੱਡੇ ਪੈਲਸਾਂ ਵਿੱਚ
ਦਿਨ ਕਦੇ ਰਾਤ ਦੇ ਵਿਆਹਾਂ ’ਚ
ਯਾਰਾਂ ਦੋਸਤਾਂ ਦੇ ਚਾਵਾਂ ’ਚ
ਰਲ ਕੇ ਬੈਠਿਆਂ
ਖੁਸ਼ੀ ਦੇ ਘੁੱਟ ਭਰਦਿਆਂ
ਅਚਨਚੇਤ ਅੰਦਰੋਂ
ਕੁਝ ਬੁਝ ਜਿਹਾ ਜਾਂਦਾ
ਮਹਿਫ਼ਲ ’ਚ ਬੈਠਾ ਮਨ
ਨਿੱਕੇ ਨਿੱਕੇ ਸੇਵਾ ਕਰਦੇ
ਚਿੱਟੀਆਂ ਜੈਕਟਾਂ ਪਾਈ
ਬੱਚਿਆਂ ਦੇ ਨਾਲ
ਉੱਠ ਕੇ ਤੁਰ ਪੈਂਦਾ
ਨਿੱਕੇ ਨਿੱਕੇ ਬੱਚੇ ਇਹ
ਪਤਾ ਨਹੀਂ ਕਿਸ ਮਜਬੂਰੀ ਦੇ ਮਾਰੇ
ਬਚਪਨ ਦੀ ਉਮਰੇ
ਪੜ੍ਹਨ ਦੀ ਉਮਰੇ
ਚੁੱਕੀ ਫਿਰਦੇ ਪਲੇਟਾਂ
ਵਰਤਾਉਂਦੇ ਸ਼ਰਾਬ
ਸੁਣਦੇ ਗਾਲ੍ਹਾਂ
ਭੱਦੇ ਸ਼ਬਦ
ਕਿਤੇ ਖੁਸ਼ ਹੋਇਆ ਕੋਈ
ਸੇਵਾ ਉਹਨਾਂ ਦੀ ਤੋਂ
ਦੇ ਦਿੰਦਾ ਕੁਝ ਰੁਪਏ
ਉਹਨਾਂ ਦੀ ਮੁੱਠੀ ’ਚ
ਤਾਂ ਚਮਕ ਉੱਠਦੀਆਂ
ਅੱਖਾਂ ਉਹਨਾਂ ਦੀਆਂ
ਲੱਗਦਾ ਜਿਵੇਂ
ਲਾਟਰੀ ਨਿਕਲ ਆਈ ਕੋਈ ਭਾਰੀ
ਵਰਤਾਉਂਦੇ ਸ਼ਰਾਬ
ਯੰਤਰਬੱਧ ਤੁਰੇ ਫਿਰਦੇ
ਇੱਕ ਟੇਬਲ ਤੋਂ ਦੂਜੇ ਟੇਬਲ ਤਕ
ਅੱਖਾਂ ’ਚ ‘ਟਿੱਪ’ ਦੀ ਲਾਲਸਾ ਭਰੀ
ਮਨ ਤੁਰਨ ਲੱਗਦਾ
ਉਹਨਾਂ ਦੇ ਨਾਲ ਨਾਲ
ਬੁਝ ਜਾਂਦੀ ਖੁਸ਼ੀ ਮਨ ਦੀ
ਘਰ ਮੁੜਦਾ
ਤਾਂ ਅਜਬ ਜਿਹੀ ਉਦਾਸੀ
ਨਾਲ ਨਾਲ ਤੁਰਦੀ।