ਵਾਢੀਆਂ ਦੀ ਰੁੱਤ ਵਿੱਚ ਵਰ੍ਹਦਾ ਬੱਦਲ ਜਿਵੇਂ
ਸਿੱਖ ਲਿਆ ਢੰਗ ਤੂੰ ਵੀ, ਸਾਨੂੰ ਤੜਫ਼ਾਣ ਦਾ
ਹਰੇ ਭਰੇ ਜੰਗਲਾਂ ਨੂੰ ਲਗਦੀ ਨਜ਼ਰ ਜਦੋਂ
ਕਰਦਾ ਸਵਾਹ ਰਾਖ਼ਾ, ਢੰਗ ਤੀਲੀ ਲਾਣ ਦਾ
ਨੀਲੇ ਨੀਲੇ ਅੰਬਰਾਂ ‘ਚ ਉੱਡਦਿਆਂ ਪੰਛੀਆਂ ਨੂੰ
ਫਾਹੀਵਾਨ ਦੱਸੇ ਗੁਰ, ਪਿੰਜਰੇ ‘ਚ ਪਾਣ ਦਾ
ਧੂੜ ਤੇਰੇ ਰਾਹਾਂ ਵਾਲੀ ਲੜਦੀ ਐ ਕੰਡ ਵਾਂਗੂੰ
ਲੱਥ ਗਿਆ ਚਾਅ ਸਾਨੂੰ, ਤੇਰੇ ਦਰ ਆਣ ਦਾ
ਪੋਹ ਦੇ ਮਹੀਨੇ ਵਾਂਗੂੰ ਠੰਢਾ ਠਾਰ ਤਨਮਨ
ਭੁੱਲ ਗਿਆ ਚੇਤਾ ਸਾਰਾ, ਆਪਣੀ ਪਛਾਣ ਦਾ
ਖ਼ਤਾ ਨਹੀ ਤੇਰੀ ਕੋਈ, ਕੋਈ ਨਾ ਕਸੂਰ ਮੇਰਾ
ਸਮੇਂ ਦਾ ਹੈ ਖੇਡ ਸਾਰਾ, ਰੱਬ ਸਭ ਜਾਣਦਾ
ਚੱਲਦਾ ਨਾ ਜੋਰ ਸਾਡਾ ਚੰਦਰੇ ਨਸੀਬਾਂ ਉੱਤੇ
ਸਿੱਖਣਾ ਹੀ ਪਊ ਸ਼ਮੀ, ਵੱਲ ਗ਼ਮ ਖਾਣ ਦਾ