ਵੜਿਆ ਥਲਾਂ ਦੇ ਵਿਚ ਮੈਂ,
ਦਾਮਨ ਕਾਲ ਦਾ ਚੁੰਮ,
ਹੋਸ਼ਾਂ ਦੇ ਵਲ ਆਈਆਂ
ਕੋਟ ਇਕੱਲਾਂ ਘੁੰਮ।
ਹਿੱਕੋ ਪਲ ਵਿਚ ਹੋਇਆ
ਹੜ੍ਹ ਸਮਿਆਂ ਦਾ ਗੁੰਮ,
ਐਪਰ ਧੂੜੀ ਖੜਕਦੇ
ਸੈ ਘੋੜਾਂ ਦੇ ਸੁੰਮ।
ਥਲ ਦੀ ਡੂੰਘ 'ਚ ਡੁੱਬਦੀ
ਜਦ ਤਾਰੇ ਦੀ ਲੋਅ,
ਲਰਜ਼ਨ ਦਿਲ ਦੀ ਰੈਣ ਵਿਚ
ਬਹੁਤ ਪੁਰਾਣੇ ਮੋਹ।
ਫਿੱਕੀ ਚਮਕ ਖ਼ਲਾ ਦੀ,
ਦਿਲ 'ਤੇ ਮਾਰੇ ਚੋਕ ।
ਪਾਣੀ ਮੰਗਦੇ ਪੰਖਣੂ,
ਪਤਾ ਨਹੀਂ ਕਿਸ ਲੋਕ ?
ਵਿਛੜੇ ਛਿਣ ਜੋ ਸੂਰਜੋਂ,
ਨ੍ਹੇਰਾਂ ਵਿੱਚ ਫ਼ਕੀਰ।
ਸੁੱਕੇ ਸਰਵਰ ਵੇਖ ਕੇ,
ਜਿਉਂ ਪੰਖੀ ਦਿਲਗੀਰ ।
ਨ੍ਹੇਰ ਦੇ ਪਾਟ ਜੋ ਡਿੱਗਿਆ
ਪੰਖ ਪੁਰਾਣਾ ਹੋ,
ਸਿੱਕ ਓਸ ਦੀ ਗਈ ਹੈ
ਨਾਲ ਉਡਾਣਾਂ ਕੋ।
ਕਿਤਨੇ ਅੰਬਰ ਤੁਰੇ ਨੇ
ਤੋੜ ਕੇ ਨਾਗਰ ਹੇਕ,
ਸੰਭਲ ਬੁੱਕ ਨ ਭਰੇ ਨੇ
ਰਵੀ-ਚੰਦ ਨੇ ਦੇਖ।
ਡੂੰਘੇ ਖੂਹ ਵਿਚ ਡੁੱਬ ਗੇ,
ਤਕ ਮਿਅਰਾਜਾਂ ਸੇਖ਼।
ਪਾ ਸਕੇ ਇਲਹਾਮ ਨ
ਭਾਰੀ ਹੜ੍ਹ ਤੇ ਰੇਖ।
ਮਿਟ ਗਏ ਰਵੀ ਦੇ ਕੰਬਦੇ
ਹੌਲੇ ਪੱਤ ਤੋਂ ਲੇਖ,
ਫਿਰ ਵੀ ਥਲਾਂ 'ਚ ਉਤਰਦੇ
ਚੁੱਕ ਪੁਰਾਣਾ ਸੇਕ।
ਬੀਜ ਦੇ ਸੁਪਨੇ ਰਿਹਾ ਨ,
ਵਣਾਂ ਦਾ ਲੰਮਾ ਰਾਜ।
ਲੱਖਾਂ ਸੱਸੀਆਂ ਮਰਨ ਜੇ
ਬ੍ਰਿਛ ਨ ਮਾਰਨ 'ਵਾਜ।
ਦੀਪ ਦੀ ਲੋਅ ਬਿਨ ਵੇਖਦੀ
ਸਦੀਆਂ ਬਾਂਝ ਨਮਾਜ਼
ਮੋਇਆਂ ਦੀ ਚੁੱਪ ਥਲਾਂ ਵਿਚ
ਸੁਲੇਮਾਨਾਂ ਦੇ ਤਾਜ।
ਸੁੱਤੇ ਦੇਸ ਬਿਗਾਨੜੇ
ਸਹਿਮ ਮਾਵਾਂ ਦੇ ਬੋਲ,
ਤਕ ਰਹੇ ਜੀਰਾਣ ਕੁਝ
ਦਰ ਨਬੀਆਂ ਦੇ ਖੋਲ੍ਹ।
ਗਠੜੀ ਚੁੱਕ ਗੁਨਾਹ ਦੀ
ਰੇਤਾਂ ਸੀਨਿਉਂ ਵਾ,
ਪੀਲੇ ਪੱਤਰ ਨਾਲ ਲੈ
ਉਠੀ ਕੋਈ ਬਲਾ!
ਪੁੱਟੇ ਥਲਾਂ ਦੇ ਵਿਚ ਮੈਂ
ਕਦਮ ਇਕ ਜਾਂ ਦੋ;
ਧੁੰਧੂਕਾਰ 'ਤੇ ਪੈ ਗਈ
ਪਤਲੀ ਪਤਲੀ ਲੋਅ।
ਪਰਵਾਜ਼ਾਂ 'ਤੇ ਲਟਕਦੇ
ਸੁੰਨ ਹੋਏ ਸ਼ਾਹ ਬਾਜ਼;
ਡਿਗਦੇ ਖ਼ੂਨ 'ਚ ਜੰਮਦੇ
ਜ਼ਹਿਰੀ ਥਲਾਂ ਦੇ ਰਾਜ਼।
ਬੰਨ੍ਹੇ ਪੈਰੀਂ ਰੇਤ ਕੁਝ
ਚੁੱਪ ਖੜੀ ਬਦਨੀਤ;
ਮੇਰੇ ਸਾਹ 'ਤੇ ਉਲ੍ਹਰਦੇ
ਨ੍ਹੇਰ ਹੋਏ ਭੈਅ ਭੀਤ।
ਵੱਡੇ ਤੜਕੇ ਦੇ ਰਿਹਾ,
ਇੱਕੋ ਤਾਰਾ ਲੋਅ;
ਕਾਲੀ ਜੀਭ ਗੁਨਾਹ ਦੀ
ਮੁੜ ਮੁੜ ਰਿਹਾ ਏ ਧੋ।
ਸੁੱਕੇ ਬ੍ਰਿਛਾਂ ਲਟਕਦੇ,
ਪਰਛਾਵੇਂ ਗੰਭੀਰ।
ਤਨ ਦਰਵੇਸ਼ਾਂ ਸੰਦੜੇ,
ਰਾਤੀਂ ਦਿੱਤੇ ਚੀਰ।
ਮੇਰੇ ਤਨ 'ਤੇ ਵਜਦੇ
ਤੁੰਦ ਖ਼ਾਬ ਬੇਪੀਰ,
ਕੌੜੇ ਹਾਸੇ ਹੱਸਦੇ,
ਖ਼ਾਲੀ ਹੱਥ ‘ਅਖ਼ੀਰ’।
ਹਾੜ ਬੋਲਦੇ ਸੁਣਦੀਆਂ
ਮੇਢੀਆਂ ਉਲਝ ਕਰੀਰ ।
ਲੀਰਾਂ ਥਲ ਵਿਚ ਰੁਲਦੀਆਂ
ਰੋ ਰੋ ਗਏ ਫ਼ਕੀਰ।
ਤਾਰੇ ਦੀ ਲੋਅ ਵੇਖਿਆ,
ਪਰਬਤ ਦੂਰ ਅਤੀਤ।
ਪਿੱਛੇ ਮੁੜੇ ਨਾ ਦੇਣ ਲਈ
ਕਦੇ ਦਿਲਾਸਾ ਮੀਤ।
ਖੁਸ਼ਕ ਯੁਗਾਂ ਦੇ ਪਾਟ ਨੇ,
ਸੁੰਞੀ ਜਿਵੇਂ ਸਰਾਂ।
ਮਿਰਜ਼ੇ ਬਾਝੋਂ ਹੋ ਗਈ,
ਖ਼ਾਲੀ ਥਲ ਦੀ ਛਾਂ।
ਦਿੱਸਹੱਦੇ 'ਤੇ ਰੁਕੀ ਹੈ,
ਬੁਝ ਬੁਝ ਧੁੰਧਲੀ ਲੋਅ।
ਤਨ-ਮਨ ਹੋੜ ਜਲਾਂਵਦੀ
ਸਾਰੇ ਥਲ ਦੀ ਖੋਹ।
ਮੇਰੀ ਨਜ਼ਰ ਚੋਂ ਤੋੜਦੀ,
ਕੁਲ ਰੁੱਤਾਂ ਦੀ ਛੋਹ।
ਇਕ ਤਸਵੀਰ ਵੀ ਬਣੀ ਨ,
ਸੈ ਗਗਨਾਂ 'ਚੋਂ ਹੋ।
ਮੇਰੇ ਕੰਠ ਦੇ ਹੇਠ ਨੇ,
ਸੁੱਕੇ ਸਿੰਧ ਅਨੇਕ।
ਜਿਹੜੇ ਕਾਲ ਦੀ ਇਕ ਵੀ
ਵੇਖ ਨ ਸੱਕਣ ਰੇਖ।
ਪਰਦੇ ਹੇਠ ਗੁਨਾਹ ਨੇ,
ਪਤਝੜ ਪਾਰੋਂ ਦੇਖ;
ਦੇਖੋ ਤੱਤੀ ਵਾ ਵਿਚ,
ਕਬਰਾਂ ਪੁਟਦੇ ਸ਼ੇਖ਼।
ਝੁਲਦੇ ਝੱਖੜ ਮਾਰ ਕੇ
ਸੁੰਨ ਚੜ੍ਹੇ ਬੇ-ਕਾਜ;
ਪ੍ਰਲੈ ਜਿਸ 'ਤੇ ਨੱਚਦੀ
ਲੱਭ ਰਹੀ ਉਹ ਤਾਜ।
ਸਾਂਭੇ ਬੁੱਢੇ ਸਮੇਂ ਨ
ਰੁਲਦੇ ਹੋਏ ਸ਼ਹੀਦ।
ਹੂੰਗਰ ਹੇਠਾਂ ਦੱਬਦੀ,
ਬਾਲਪਨੇ ਦੀ ਦੀਦ।
ਮੈਂਡੇ ਸਾਹੀਂ ਚੜ੍ਹ ਰਹੇ,
ਧੂੜਾਂ ਵਾਂਗ ਸਰਾਪ।
ਰੋਗ ਅਬੋਲ ਨ ਦੱਸਦੇ,
ਕਿਸ ਘਰ ਜਾਣਾ ਆਪ।
ਬੰਨ੍ਹਿਆ ਕਹਿਰ ਅਗੰਮ ਦੇ,
ਮੈਂ ਖ਼ਾਲੀ ਬੇ-ਨੂਰ-
ਥਲ ਵਿਚ ਪਰਬਤ ਸਿਖਰ 'ਤੇ
ਚਮਕਿਆ ਜੁਗਨੂੰ ਦੂਰ।
ਧੁੰਧਲੀ ਸਿਖਰ 'ਤੇ ਜਾਪਿਆ,
ਕੁਝ ਰੂਹਾਂ ਦਾ ਜ਼ੋਰ;
ਭਾਂਬੜ ਬਾਲ ਕੇ ਧੁੰਧ ਵਿਚ
ਛਿਪ ਜਾਵਣ ਵਿਚ ਭੋਰ ।
ਜਿਵੇਂ ਮਹੀਨ ਫੁਹਾਰ ਦੇ
ਬਿਜਲੀ ਚੁੱਕ ਸਰੂਰ;
ਲੁਕ ਬ੍ਰਿਛਾਂ ਨੂੰ ਲਾਂਵਦੀ,
ਪਲ ਵਿਚ ਯੁਗਾਂ ਦਾ ਨੂਰ।
ਹਿਲਦੀਆਂ ਚੁੱਪਾਂ ਜਾਪੀਆਂ,
ਗਾੜੀ ਧੁੰਧ ਦੀ ਕੂਟ;
ਆਏ ਯੋਗੀ ਕਿਤੋਂ ਨੇ,
ਜਾ ਕੁਝ ਕੰਬਦੇ ਬੂਟ।
ਸੁੱਕੀ ਤ੍ਰਿਣ ਤੋਂ ਬਾਗ਼ ਹੋ,
ਵਿਚ ਪਰਲੋਂ ਦੀ ਅੱਗ,
ਫੁੱਟੀ ਵੇਲ ਅੰਗੂਰ ਜਿਉਂ,
ਇਉਂ ਮੈਂ ਦਿੱਤੀ ਸੱਦ।:-
“ਦੇਵੋ ਸਿਖਰਾਂ ਵਾਲਿਓ,
ਸਵਾਂਤ ਬੂੰਦ ਦਾ ਲੋ।
ਦਿਲ ਵਿਚ ਕੌੜੀ ਅੱਚਵੀ
ਬਹੂੰ ਮਚਾਇਆ ਸ਼ੋਰ ।
“ਕੁਝ ਤੱਕਣ ਲਈ ਕੱਟਦਾ,
ਰਾਹ ਬਰਬਰ ਦੇ ਸੋਗ।
ਸਾਜਨ ਮਿਲੇ ਤਾਂ ਜਾਣਗੇ
ਪ੍ਰਛਾਵੇਂ ਦੇ ਰੋਗ।
“ਜਦ ਸੁਪਨੇ ਨੂੰ ਪਰਤਦਾ,
ਉਡਦੀ ਸੋਗੀ ਵਾਟ।
ਜਦ ਪ੍ਰਛਾਵਾਂ ਤੋੜਦਾ,
ਉੱਠੇ ਚੀਸ ਵਿਰਾਟ।
“ਵੈਂਦਾ ਜੈਂਦੇ ਵਸਲ ਲਈ,
ਉਸ ਦੇ ਪੰਧ ਤਿਆਰ।
ਛੋਹ ਖ਼ਾਬਾਂ ਤੋਂ ਓਸਦੀ
ਭਾਰੀ ਕੋਟਾਂ ਵਾਰ।
“ਤੱਕਾਂ ਉਸਦੀ ਪਲਕ ਨੂੰ,
ਕੜਕਣ ਲੱਖ ਅਤੀਤ।
ਅਉਧ ਵਿਹਾਣੀ ਸੁਪਨ ਦੀ
‘ਮੈਂ’ ਲਖ ਜਾਂਦੇ ਬੀਤ।
“ਤਨ ਦਾ ਤੀਲਾ ਬਾਲਦੀ,
ਸੰਘਣੇ ਵਣਾਂ ਦੀ ਸਿੱਕ
ਸੈ ਉਮਰਾਂ ਮੈਂ ਰੁਲਦਿਆਂ,
ਮੁੱਖ ਨ ਤੱਕਿਆ ਇਕ।
“ਮੈਂ ਸੁਪਨੇ ਨੂੰ ਤੋੜ ਕੇ,
ਰੰਗੀ ਨਭ ਦੀ ਦਿੱਖ ।
ਵਹਿਣ ਸਮੇਂ ਦੇ ਸੁੱਕਣੇ,
ਜੇਕਰ ਪਈ ਨ ਭਿੱਖ।"
ਮੇਰੀ ਸੱਦ ਚੋਂ ਬਿਜਲੀਆਂ,
ਉੱਠ ਜਗਾਏ ਤੂਰ।
ਪਰਬਤ ਪਰਬਤ ਕੰਬਦੇ,
ਸਜਦੇ ਨੂਰੋ ਨੂਰ।
ਨਜ਼ਰਾਂ ਪਰਬਤ ਵਲ ਕਰ
ਜਿਉਂ ਮੈਂ ਖੜਾ ਹਮੇਸ਼,
ਦੂਰ ਮੁਨ੍ਹੇਰ 'ਚ ਦਿੱਸਿਆ
ਕੋ ਸਾਈਂ ਦਰਵੇਸ਼।
ਸਿਦਕ ਦੇ ਲੰਮੇ ਹੱਥ ਨੇ,
ਪੱਥਰ ਚੁੱਕਿਆ ਕੋ।
ਦੂਰ ਅਮ ਪਤਾਲ ਵਿਚ,
ਸੁੱਟੀ ਸਮੇਂ ਦੀ ਲੋਅ।
ਘਾਇਲ ਹੋਏ ਹਰ ਅੰਗ 'ਤੇ
ਰੁਮਕਣ ਲੱਗੀ ਰੁੱਤ।
ਚਰਖ਼-ਜ਼ਿਮੀਂ ਦੇ ਮੌਤ-ਰਾਹ
ਸੁਪਨਾ ਲੈਂਦੇ ਰੁੱਖ ।
ਸੁਣਿਆ ਪੱਥਰ ਹੇਠ ਸੀ
ਕੁਲ ਕੁਲ ਕਰਦੇ ਵਹਿਣ।
ਅਸਲ 'ਚ ਸਾਈਆਂ ਵਾਲੜੇ
ਕਾਲ 'ਚ ਛੁਪੇ ਸੀ ਨੈਣ।
ਸਜਦਾ ਕੀਤਮੁ, ਜਾਣਿਆਂ
ਉਹ ਕੋਈ ਦੂਰ ਦੀ ਨੈਂ।
ਅਜੇ ਤਾਂ ਲੰਮੇ ਕਾਲ ਵਿਚ
ਪੈਂਡੇ ਕਰਨੇ ਮੈਂ।
ਕਰ ਅਰਦਾਸਾਂ ਲੰਮੀਆਂ
ਮੈਂ ਉਡਦਾ ਵਲ ਲੋਅ।
ਨੂਰੀ ਪੌਣ ਦੀ ਪਤਾ ਨਹੀਂ
ਦੂਰ ਦੂਰ ਕਿਉਂ ਛੋਹ ?