ਦਿਨ, ਮਹੀਨੇ ਤੇ ਵਰ੍ਹੇ
ਉਸ ਦੇ ਕੋਲੋਂ ਦੀ, ਕਦੇ ਸ਼ੂਕਦੇ
ਕਦੇ ਚੁੱਪ ਚੁਪੀਤੇ ਲੰਘਦੇ ਰਹੇ
ਤੇ ਉਹ ਕੰਢੇ ‘ਤੇ ਬੈਠਾ
ਸਮੇਂ ਦੇ ਦਰਿਆ ਦੀਆਂ ਲਹਿਰਾਂ ਗਿਣਦਾ
ਉਸ ਪਲ ਦੀ ਉਡੀਕ ਕਰਦਾ ਰਿਹਾ
ਜਿਸ ਪਲ ਨੇ ਉਸ ਦੀ
ਪੂਰੀ ਦੀ ਪੂਰੀ ਉਮਰ ਬਣਨਾ ਸੀ
ਪਰ ਨਾ ਉਹ ਪਲ ਹੀ ਆਇਆ
ਨਾ ਉਸ ਦੀ ਉਡੀਕ ਹੀ ਮੁੱਕੀ
ਦਿਨ, ਮਹੀਨੇ ਤੇ ਵਰ੍ਹਿਆਂ ਦੇ ਪਾਣੀ ਜਿਹੇ
ਸਮੇਂ ਦੇ ਵਗਦੇ ਦਰਿਆ ਵਿਚ
ਉਸ ਦੀ ਉਮਰ ਹਰ ਘੜੀ ਖੁਰਦੀ ਰਹੀ
ਕੱਚੀ ਮਿੱਟੀ ਵਾਂਗ ਉਸ ਦੀ ਹੋਂਦ ਵੀ
ਦੂਰ ਜਾਂਦੇ ਪਾਣੀਆਂ ‘ਚ ਘੁਲਦੀ ਰਹੀ