ਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ ਤੇ ਵਲਗਨਾਂ

ਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ, ਤੇ ਵਲਗਨਾਂ,

ਇਸ ਹਾਲ ਵਿਚ ਪਤਾ ਨਈਂ, ਜੀਣਾਂ ਏਂ ਕਿਸਤਰ੍ਹਾਂ?

ਵੇਖਣ ਲਈ ਓਹ ਗਿਆ ਏ, ਮੈਨੂੰ ਮਰਦਿਆਂ,

ਭਰਕੇ ਨਜ਼ਰ ਨਾ ਵੇਖਿਆ, ਜਿਸ ਮੈਨੂੰ ਜਿਉਂਦਿਆਂ

ਕੁਝ ਬੇਵਸੀ ਨੇ ਦੋਸਤੀ, ਕੀਤੀ ਅਗਾਂਹ ਪਿਛਾਂਹ,

ਕੁਝ ਯਾਰ ਆਪ ਗਏ ਨੇ, ਤੋੜ ਯਾਰੀਆਂ

ਆਕਾਸ਼ ! ਜਦ ਤੋਂ ਧਰਤ ਦੇ, ਜ਼ੁਲਮਾਂ ਤੇ ਹੈ ਖ਼ਮੋਸ਼,

ਮਜ਼ਲੂਮ ਤਦ ਤੋਂ ਕਹਿ ਰਿਹੈ, ਰੱਬ ਦਾ ਗ਼ਲਤ ਨਿਆਂ

ਦੁਖ ਤੇ ਬੜਾ ਏ, ਹੋ ਗਏ ਵਖਰੇ ਜਹਾਨ ਤੋਂ,

ਸਾਥੋਂ ਮਿਲਾਈ ਨਾ ਗਈ, ਲੋਕਾਂ ਦੀ ਹਾਂ 'ਚ ਹਾਂ

ਹੋਇਆ ਨਾ ਕੁਝ ਵੀ ਫ਼ਾਇਦਾ, ਸੱਟਾਂ ਛੁਪਾਣ ਦਾ,

ਰਿਸ ਪਏ ਨੇ ਬਣ ਕੇ ਜ਼ਖ਼ਮ ਓਹ, ਲਾਸਾਂ ਸੀ ਜਿਹੜੀਆਂ

ਸੋਚਾਂ 'ਚ ਸਾਰੇ ਲੋਕ ਤੇ, ਮੁੱਦਤ ਤੋਂ ਗ਼ਰਕ ਨੇਂ,

ਕੁਝਨਾਂ ਨੂੰ ਰੋਹੜਦਾ ਪਿਆ, ਰਾਵੀ ਕਦੀ ਝਨਾਂ

ਬਦਲੋ ਜ਼ਰੂਰ ਰਾਜ ਪਰ, ਏਹ ਵੀ ਤੇ ਹੈ ਗ਼ਲਤ,

ਅੰਨ੍ਹੇ ਤੋਂ ਖੋਹ ਕੇ ਦੇਵਣਾਂ, ਕਾਣੇ ਦੇ ਹੱਥ ਨਿਆਂ

ਕਟਣੀ ਪਈ ਅਸਾਨੂੰ ਸਦਾ, ਅਪਣਿਆਂ ਦੀ ਕੈਦ,

ਮਿਲੀਆਂ ਨੇ ਤਦ ਹੀ, ਗ਼ੈਰ ਦੇ ਕੋਲ਼ੋਂ ਅਜ਼ਾਦੀਆਂ

ਜਗ 'ਚੋਂ ਸੀ ਨੁਕਸ ਟੋਲਦੇ, ਖ਼ੁਦ ਚੋਂ ਹੀ ਲਭ ਪਿਐ,

'ਗਿਲ' ਨੇ ਜੋ ਲੈਕੇ ਵੇਖੀਆਂ, ਨਜ਼ਰਾਂ ਉਧਾਰੀਆਂ

📝 ਸੋਧ ਲਈ ਭੇਜੋ