[ਹਿੰਦੂ ਫ਼ਲਸਫ਼ੇ, ਇਤਿਹਾਸ ਅਤੇ 

ਵਕਤ ਦੇ ਹਾਕਮਾਂ ਨੂੰ ਖ਼ਾਲਸਾ ਜੀ 

ਦੇ ਕੁਝ ਉਦਾਸ ਸੁਆਲ।]

ਕਾਈ ਦੱਸਣਾ ਯਾਰ ਗੁਨਾਹ ਸਾਡਾ ?

ਜੱਗ ਦੱਸਦਾ ਵੱਖਰਾ ਰਾਹ ਸਾਡਾ !

ਕਾਈ ਯਾਰ ਅਸਾਨੂੰ ਲੈ ਤੁਰਿਆ,

ਸਮਝ ਪਵੇ ਕੀ ਕਹਿ ਤੁਰਿਆ, 

ਸਤਲੁੱਜ ਦੀ ਕੰਧੀ ਬਹਿ ਤੁਰਿਆ,

ਜਾ ਫ਼ਜਰ ਦੇ ਸੱਥਰਾਂ 'ਤੇ ਸੁੱਤਾ

ਕੋਈ ਦੀਨ-ਦੁਨੀ ਦਾ ਸ਼ਾਹ ਸਾਡਾ- 

ਕਾਈ ਦੱਸਣਾ ਯਾਰ ਗੁਨਾਹ ਸਾਡਾ ?

ਜੱਗ ਦੱਸਦਾ ਵੱਖਰਾ ਰਾਹ ਸਾਡਾ !

ਮੈਂਡਾ ਯਾਰ ਭਖਾ ਕੇ ਲੋਹ ਤੁਰਿਆ 

ਜਿਵੇਂ ਸਿਖਰ ਦੁਪਹਿਰਾਂ ਦਾ ਰੋਹ ਤੁਰਿਆ, 

ਮੈਂਡੀ ਜਾਨ ਕੁਸੇ ਪਏ...ਮੋਹ ਤੁਰਿਆ !

ਛੱਡ ਬਾਜ਼ ਗਿਆ ਵਿਚ ਰੋਹੀਆਂ ਦੇ 

ਕੋਈ ਡਾਢਾ ਬੇਪਰਵਾਹ ਸਾਡਾ-

ਕਾਈ ਦੱਸਣਾ ਯਾਰ ਗੁਨਾਹ ਸਾਡਾ !

ਜੱਗ ਦੱਸਦਾ ਵੱਖਰਾ ਰਾਹ ਸਾਡਾ !

ਜਦ ਚਿੜੀ ਫ਼ਜਰ ਦੀ ਚੂਕ ਪਈ 

ਕੋਈ ਰਣ ਵਿਚ ਜਾਨ ਮਲੂਕ ਪਈ 

ਕਿਸੇ ਪੈੜ 'ਤੇ ਭਖਦੀ ਕੂਕ ਪਈ—

ਹੋ ਨੀਲਾ ਲਹੂ-ਲੁਹਾਣ ਗਿਆ

ਕੋਈ ਚੱਲੇ ਹਜ਼ੂਰ ਵਾਹ ਸਾਡਾ !

ਕਾਈ ਦੱਸਣਾ ਯਾਰ ਗੁਨਾਹ ਸਾਡਾ ?

ਜੱਗ ਦੱਸਦਾ ਵੱਖਰਾ ਰਾਹ ਸਾਡਾ !

ਹੋ ਪੁਰੀ ਆਨੰਦ ਨੂੰ ਹੁਕਮ ਗਿਆ 

ਹੋ ਨਾਲ ਤੇਗ ਦੇ ਸੁਖਨ ਗਿਆ 

ਟੁੱਟ ਮਹਾਂ ਕਾਲ ਦਾ ਰੁਕਨ ਗਿਆ, 

ਸ਼ਾਹ ਰਗ 'ਚੋਂ ਰਹਿਮ ਦੀ 'ਵਾਜ ਫਟੀ 

ਉਹ ਹੋਇਆ ਆਪ ਗਵਾਹ ਸਾਡਾ- 

ਕਾਈ ਦੱਸਣਾ ਯਾਰ ਗੁਨਾਹ ਸਾਡਾ

ਜੱਗ ਦੱਸਦਾ ਵੱਖਰਾ ਰਾਹ ਸਾਡਾ।

ਲੰਮੀ ਲੰਮੀ ਅਜ਼ਾਨ ਦੀ ਹੇਕ ਗਈ 

ਧਾਹ ਮਾਰ ਸਰਹਿੰਦ ਵੀ ਵੇਖ ਗਈ

ਰੋਂਦੀ ਫਟ ਸ਼ਮਸ਼ੀਰ ਅਨੇਕ ਗਈ 

ਵਿਚ ਮੋਇਆ ਦੇਸ਼ ਬੇਗਾਨੇ ਜਾ 

ਕੋਈ ਤਾਜ ਸਿਰਾਂ ’ਤੋਂ ਲਾਹ ਸਾਡਾ- 

ਕਾਈ ਦੱਸਣਾ ਯਾਰ ਗੁਨਾਹ ਸਾਡਾ

ਜੱਗ ਦੱਸਦਾ ਵੱਖਰਾ ਰਾਹ ਸਾਡਾ।

ਸਾਨੂੰ ਯਾਰ ਅਕਾ ਬਹਿਣ ਦੇ,

ਅਸੀਂ ਜਾਨਨੇ ਹਸ਼ਰ ਨੂੰ, ਰਹਿਣ ਦੇ,

ਹਿੱਕੋ ਗੱਲ ਸਾਡੀ, ਉਹੀਓ ਕਹਿਣ ਦੇ, 

ਰੂਹਾਂ ਰੋ ਬਨਬਾਸਾਂ ਦੇ ਵਿਚ ਪਈਆਂ

“ਬੇ-ਖ਼ਬਰ ਉਦਾਸ ਮਲਾਹ ਸਾਡਾ—" 

ਕਾਈ ਦੱਸਣਾ ਯਾਰ ਗੁਨਾਹ ਸਾਡਾ

ਜੱਗ ਦੱਸਦਾ ਵੱਖਰਾ ਰਾਹ ਸਾਡਾ !

ਅੱਗ ਸ਼ਹੁ ਦਰਿਆਵਾਂ ਦੀ ਸਿਖਰ ਗਈ, 

ਉੱਚੇ ਗਜ਼ਬ ਦੇ ਕੋਟਾਂ 'ਤੇ ਬਿਖਰ ਗਈ, 

ਹੇਠ ਬੂੰਦ ਸ਼ਹੀਦਾਂ ਦੀ ਨਿਖਰ ਪਈ, 

ਤੁਸੀਂ ਪੁੱਛੋ ਹਾਲ ਨਸੀਬਾਂ ਦਾ 

ਸਭ ਸੁਖਨ ਈਮਾਨ ਕੁਹਾ ਸਾਡਾ- 

ਕਾਈ ਦੱਸਣਾ ਯਾਰ ਗੁਨਾਹ ਸਾਡਾ

ਜੱਗ ਦੱਸਦਾ ਵੱਖਰਾ ਰਾਹ ਸਾਡਾ।

ਸਭ ਚਰਖ਼ ਧੂੜ ਨਾਲ ਲੱਦੇ ਵੋ 

ਕੋਈ ਯਾਰ ਬੇਲੀ ਲੱਭੋ ਵੋ 

ਕੋਲ ਦੂਰੋਂ ਸੱਦੇ ਵੋ

ਜਦ ਨਨਕਾਣੇ ਦੀ ਵਾਜ ਪਵੇ 

ਪਿਆ ਜਾਨ ਤੋਂ ਟੁੱਟਦਾ ਸਾਹ ਸਾਡਾ-

ਕਾਈ ਦੱਸਣਾ ਯਾਰ ਗੁਨਾਹ ਸਾਡਾ

ਜੱਗ ਦੱਸਦਾ ਵੱਖਰਾ ਰਾਹ ਸਾਡਾ

ਇਕ ਸੰਞ ਸਭਰਾਵਾਂ ਦੇ ਨਾਲ ਪਈ, 

ਅੱਖੀਂ ਡੁਸਕਣ ਤੇ ਜਾਨ ਬੇ-ਹਾਲ ਪਈ, 

ਹਿੱਕੋ ਗੱਲ ਸਾਡੀ ਕਿਉਂ ਖ਼ਿਆਲ ਪਈ

ਜੈਂਦਾ ਬਾਜ਼ ਫ਼ਜਰ ਦੇ ਵਿਚ ਉੱਡਦਾ 

ਉਹੀਓ ਆਖ਼ਿਰ, ਤੇ ਉਹੀਓ ਰਾਹ ਸਾਡਾ। 

ਕਾਈ ਦੱਸਣਾ ਯਾਰ ਗੁਨਾਹ ਸਾਡਾ

ਜੱਗ ਦੱਸਦਾ ਵੱਖਰਾ ਰਾਹ ਸਾਡਾ

📝 ਸੋਧ ਲਈ ਭੇਜੋ