ਵਣ ਵਲ ਜਾਂਦੇ ਰਾਹਾਂ ਤੇ ਬੈਠੀ
ਖੇਡਾਂ ਮੈਂ ਉਮਰਾਂ ਦੇ ਨਾਲ,
ਪੀਲਿਆਂ ਪੱਤਾਂ ਦੀ ਲਾ ਕੇ ਮਗਰੀ
ਲੰਘ ਗਏ ਸਾਲਾਂ ਦੇ ਸਾਲ-
ਠੰਢੀਆਂ ਨਦੀਆਂ ਦੇ ਮਨ ਵਿਚ ਛਿਪਿਆ
ਉੱਡਦਾ ਹੀ ਉੱਡਦਾ ਹੁਨਾਲ,
ਲੰਮਿਆਂ ਕੇਸਾਂ ਨੂੰ ਨਦੀਆਂ ਦਿਖਾਈਏ
ਜੋਬਨ 'ਚ ਉੱਠਿਆ ਉਬਾਲ-
ਹੱਠ ਬਨਬਾਸੀ ਦਾ ਜੋਬਨ ਵਾਂਗੂੰ
ਤਕਦਾ ਨ ਨੈਣਾਂ ਦੇ ਹਾਲ-
ਰੱਜਨੀ ਉਹ ਅੱਥਰੂ ਦੇ ਰਾਹ ਦੀ ਮੁਸਾਫ਼ਰ
ਛਿਪਿਆ ਜੋ ਸੂਰਜ ਦੇ ਨਾਲ-
ਖ਼ਾਕਾਂ ਦਾ ਓਢਣ ਏ ਸੂਰਜ ਹੁੰਦਿਆਂ ?
ਸੁਣਿਆਂ ਨ ਸਮਿਆਂ ਸੁਆਲ-
ਪੌਣੋ ਜਗਾਵੋ ਨੀ ਵਣ ਵਿਚ ਸੁੱਤੜਾ
ਬੇਪ੍ਰਵਾਹੀਆਂ ਦੇ ਹਾਲ।
ਮਸਤਕ ਤੇ ਦਗਦੀ ਬਿੱਜਲੀ ਦੇ ਚਾਨਣ
ਕੁੱਖਾਂ 'ਚ ਦੇਵੇ ਉਹ ਬਾਲ।