ਬਿਰਖਾਂ ਦੀ ਰਾਤ ਵਿਚ, ਚੁੱਪ ਦੇ ਦੇਸ ਵਿਚ
ਬੰਸੀ ਦੀ ਧੁਨੀ ਵਿਚ, ਡੁੱਬਿਆ,
ਤੁਰਦਾ ਉਹ ਪੱਥਰਾਂ ਦੀ ਚੁੱਪ ਨੂੰ ਲੈ ਕੇ,
ਚੱਟਾਨਾਂ ਤੇ ਚੋਗ ਚੁਗਦੇ
ਪੰਛੀਆਂ ਦੇ ਕਰੁਣਾ ਵਿਚ ਰੰਗਿਆ-
ਖੋਇਆ ਦਰਿਆ ਦੇ ਵਾਂਗ
ਅਡੋਲ ਯੋਗੀ ਦੇ ਵਾਂਗ,
ਪੱਥਰ ਦਾ ਅਭਿਮਾਨ ਤਕਦਾ ਹਰ ਮੋਤੀ ਦੇ ਵਿੱਚੋਂ,
ਆਕਾਸ਼ ਵਿਚ ਕੌੜੀ ਮਿੱਟੀ ਦਾ ਰੂਪ ਸਾਜਦਾ—
ਦਰਿਆਵਾਂ ਵਿਚ ਮਿਰਗਾਂ ਦੀ ਡਾਰ ਨਸਦੀ ਵੇਖਦਾ
ਪੰਖੀਆਂ ਦੇ ਖੰਭ ਅੱਪਣੀ ਤੱਕਨੀ ਤੇ ਤੋਲਦਾ।
ਚੋਭਦਾ ਕੰਡਾ ਦੂਰ ਦੇ ਮੈਦਾਨਾਂ ਦੀ ਹਿੱਕ ਵਿਚ,
ਧਿਆਨ ਮਾਸੂਮ ਕਰਦਾ ਜਾਂਵਦਾ ਸਾਰੀ ਜ਼ਮੀਨ ਦਾ।
ਮਿੱਟੀ ਦੀ ਹਿੱਕ ਤੇ ਕਾਲ ਉੱਡ ਉੱਡ ਕੇ ਮੋਏ,
ਬਿਆਨ ਕਰਦਾ ਜਾ ਰਿਹਾ ਸਭਨਾਂ ਦੇ ਸਫ਼ਰ ਨੂੰ।
ਪੁੱਛਦਾ ਜਾ ਰਿਹਾ ਜ਼ਿਮੀਂ ਨੂੰ
ਅਸਲ ਵਿਚ ਕੁੱਝ ਵੀ ਨ ਪੁੱਛਦਾ;
ਹਰ ਨਜ਼ਾਰੇ ਨੂੰ ਯੋਗ ਵਿਚ ਬੰਨ੍ਹਕੇ
ਉਹ ਪੁੱਛਣ ਜਾਂ ਨ ਪੁੱਛਣ ਦੀ ਸ਼ਹਿਨਸ਼ਾਹੀ ਨਾ' ਰੱਜਿਆ।
ਉਹ ਰੱਜਿਆ ਸ਼ਹਿਨਸ਼ਾਹੀਆਂ
ਖ਼ੁਦਾਈਆਂ ਦੇ ਨਾਲ
ਉਹ ਲੜਦਾ ਖ਼ੁਦਾਈਆਂ ਦੇ ਨਾਲ
ਉਸ ਨੇ ਬੇਸ਼ੁਮਾਰ ਡੰਗਾਂ ਦੇ ਨਾਲ
ਜ਼ਹਿਰ ਵਿਚ ਡੁੱਬ ਡੁੱਬ
ਇਕ ਖ਼ਤ ਲਿਖਿਆ ਕੰਵਲ-ਅਹਿੰਸਾ ਨੂੰ।
ਇਕ ਖ਼ਤ ਲਿਖਿਆ ਹਿੰਮ ਸੁੰਦਰੀ ਨੂੰ
ਲਹੂ-ਲੁਹਾਣ ਕਿਰਨਾਂ ਦੇ ਨਾਲ।