ਵਾਂਗ ਹਵਾ ਦੇ ਬੁੱਲੇ ਆਇਆ ਕਿਸ ਦਾ ਅੱਜ ਖ਼ਿਆਲ ।
ਜ਼ਹਿਨ ਦਾ ਜੰਗਲ ਮਹਿਕ ਗਿਆ ਵੇ ਜਿਸ ਦੀ ਖ਼ੁਸ਼ਬੂ ਨਾਲ ।
ਖ਼ਾਬਾਂ ਵਾਲੇ ਵਿਹੜੇ ਸੱਜਣਾਂ ਭੁੱਲ ਕੇ ਫੇਰਾ ਪਾਇਆ,
ਆਸ ਦੇ ਦੀਵੇ ਮਨ-ਮੰਦਰ ਵਿਚ ਦਿੱਤੇ ਮੈਂ ਫਿਰ ਬਾਲ ।
ਭਖਦੀ ਰੇਤ ਜਿਉਂ ਪੈਰਾਂ ਥੱਲੇ ਸ਼ਿਖ਼ਰ ਦੁਪਹਿਰਾ ਹੋਵੇ,
ਐਡੀ ਔਖੀ ਵਾਟ ਬਿਰਹੋਂ ਦੀ ਜੀਵਨ ਦਾ ਜੰਜਾਲ ।
ਸ਼ੱਕ ਦੇ ਫ਼ਨੀਅਰ ਡੰਗਦੇ ਰਹਿੰਦੇ ਪਿਆਰਾਂ ਵਾਲੇ ਰਿਸ਼ਤੇ,
ਵਹਿਮ ਦਾ ਕੈਦੋਂ ਹੀਰ ਜੱਟੀ ਨੂੰ ਦਿੰਦਾ ਜ਼ਹਿਰ ਪਿਆਲ ।
ਗ਼ੈਰਾਂ ਦੇ ਦੁੱਖ ਜਰ-ਜਰ ਜਿਉਣਾ ਅਸਲ ਹਿਆਤੀ ਹੁੰਦੀ,
ਆਪਣੇ ਦੁਖ ਤੇ ਭਲਿਓ ਹਰ ਕੋਈ ਲੈਂਦਾ ਆਪ ਸੰਭਾਲ ।
ਪਗ-ਪਗ ਮਰਦੀ ਨਜ਼ਰੀਂ ਆਈ ਸੱਧਰਾਂ ਦੀ ਇਕ ਲੋਅ,
ਜੀਵਨ ਨਗਰੀ ਅੰਦਰ ਆਇਆ ਕਿੰਜ ਦਾ ਇਹ ਭੁਚਾਲ ।