ਵਫ਼ਾ ਦੀ ਲਕੀਰ !
ਕਿਹੜਾ ਮਿਆਰ ਆ ਕੇ
ਮਿਣੇ ਇਸ ਦਾ ਚੀਰ ?
ਜੋ ਸਾਬਤ ਜਹੀ ਤਲੀ 'ਤੇ
ਖਿੱਲਰ ਰਹੀ ਹੈ ਇੰਜ
ਵਫ਼ਾ ਦੀ ਲਕੀਰ !
ਕਿਥੋਂ ਕੁ ਕਿਨਾਰਾ ਹੁੰਦਾ ਹੈ ਡੋਬੂ ?
ਕੌਣ ਸੋਚ ਨਾਪੇ
ਤੇ ਕੌਣ ਕੋਈ ਆਖੇ
ਕਿ ਖ਼ਿਆਲਾਂ ਦੇ ਵਰਤਣ ਦੀ ਕਿਹੜੀ ਕੁ ਹੱਦ ?
ਇਸਨੂੰ ਲੁੰਘੇ ਨਾ ਕਿਥੋਂ ਕੁ ਤਕ ਰਾਹਗੀਰ ?
ਵਫ਼ਾ ਦੀ ਲਕੀਰ !
ਕਿੰਨੇ ਕੁ ਨੈਣ ਨੇੜੇ ?
ਕਿੰਨੀ ਕੁ ਜ਼ਬਾਨ ਸਾਂਝੀ ?
ਤੇ ਕਿੰਨੀ ਕੁ ਹੱਥਾਂ ਦੇ ਭਖ਼ਾ ਦੀ ਹਰਾਰਤ
ਬਦਲ ਦੇਂਦੀ ਹੈ ਤਾਸੀਰ ?
ਵਫ਼ਾ ਦੀ ਲਕੀਰ !
ਕਿਵੇਂ ਇਸਦੇ ਵੱਢੇ ਨੂੰ
ਹੋਰ ਕਰਨ ਗੂੜ੍ਹਾ
ਅਸੰਖ ਕੌਲ ਨਿਕਲਣ
ਹੋਠਾਂ ਦੀ ਹਿੱਕ ਚੀਰ ।
ਜਿਵੇਂ ਲਫ਼ਜ਼ਾਂ ਦੇ ਪੋਟੇ ਵੀ
ਇਸਦਾ ਨਾਪ ਸਕਦੇ ਨੇ ਸਰੀਰ !
ਵਫ਼ਾ ਦੀ ਲਕੀਰ !
ਤੇ ਹੁਣੇ ਕਸਮ ਖਾਣ ਲੱਗੀ ਹੈ
ਜੀਕਣ ਇਹ ਹੀਰ
ਦੇਣ ਲੱਗੀ ਹੈ ਪਾਕ ਦਾਮਨ
ਮੁਹੱਬਤ ਦਾ ਸਬੂਤ
ਉਤਾਂਹ ਨੂੰ ਮੂੰਹ ਚੁੱਕ ਕੇ
ਨਿਕੀ ਜਹੀ ਤਲੀ ਤੇ
ਇੰਜ ਹੈ ਖਲੋਤੀ – ਵਫਾ ਦੀ ਲਕੀਰ !
ਤੇ ਕੋਲ ਜਿਵੇਂ ਜ਼ਾਮਨ ਨੇ ਪੰਜ ਉਂਗਲਾਂ
ਪੰਜ ਪੀਰ ।
ਵਫ਼ਾ ਦੀ ਲਕੀਰ !