ਵਰ੍ਹਿਆਂ ਤੋਂ ਇਹ ਗਿਣਵੇਂ ਚੁਣਵੇਂ

ਵਰ੍ਹਿਆਂ ਤੋਂ ਇਹ ਗਿਣਵੇਂ ਚੁਣਵੇਂ ਨਾਂਵਾਂ ਦੀ ਸਰਦਾਰੀ 

ਵੇਖ ਰਿਹਾ ਵਾਂ ਹੰਸਾਂ ਉੱਤੇ ਕਾਂਵਾਂ ਦੀ ਸਰਦਾਰੀ

ਅੰਦਰੋਂ ਖਾਧੇ ਰੁੱਖ ਨਈਂ ਬਹੁਤੀ ਦੇਰ ਖਲੋਤੇ ਰਹਿੰਦੇ 

ਬਹੁਤੇ ਦਿਨ ਨਈਂ ਰਹਿੰਦੀ ਟੁੱਟੀਆਂ ਬਾਹਵਾਂ ਦੀ ਸਰਦਾਰੀ

ਕੁਝ ਲੋਕਾਂ ਨੂੰ ਭਾਵੇਂ ਘਰ ਵਿਚ ਸਾਰੇ ਰੁੱਖ ਵੀ ਹੋਵਣ 

ਹੋਰ ਕਿਸੇ ਘਰ ਪਚਦੀ ਨਈਂ ਛਾਂਵਾਂ ਦੀ ਸਰਦਾਰੀ

ਓਨਾ ਚਿਰ ਤੇ ਤੂੰ ਵੀ ਰੱਜ ਕੇ ਮੌਜਾਂ ਕਰ ਨੀ ਜਿੰਦੇ 

ਜਿੰਨਾਂ ਚਿਰ ਜੁੱਸੇ ਅੰਦਰ ਸਾਹਵਾਂ ਦੀ ਸਰਦਾਰੀ

ਤੋੜ ਕਿਆਮਤ ਰੱਖੀਂ ਸਾਡੇ ਖੇਤਾਂ ਵਿਚ ਹਰਿਆਲੀ 

ਤੋੜ ਕਿਆਮਤ ਰੱਖੀਂ ਪੰਜ ਦਰਿਆਵਾਂ ਦੀ ਸਰਦਾਰੀ

📝 ਸੋਧ ਲਈ ਭੇਜੋ