ਵਾਰਸਾਂ ਦੇ ਨਾਂ

ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ,

ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ

ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ,

ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ

ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ,

ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ

ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂਂ,

ਹਾੜੇ ਬਣਿਉਂ ਨਾ ਕਿਤੇ ਪੰਜਾਬ ਮਾਤਾ

ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ,

ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ

ਤਿੱਪ ਤਿੱਪ ਜਵਾਨੀ ਦੀ ਡੋਲ੍ਹ ਕੇ ਵੀ,

ਹੌਲੀ ਕਰਾਂਗੇ ਗ਼ਮਾਂ ਦੀ ਪੰਡ ਤੇਰੀ

ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ,

ਐਪਰ ਹੱਕਾਂ ਨੂੰ ਠੰਡ ਲੁਆਈ ਤਾਂ ਨਹੀਂ

ਸਾਡਾ ਕਾਤਿਲ ਹੀ ਕੱਚਾ ਨਿਸ਼ਾਨਚੀ ਸੀ,

ਅਸੀਂ ਗੋਲੀ ਤੋਂ ਕੰਡ ਭੰਵਾਈ ਤਾਂ ਨਹੀਂ

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,

ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ

ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,

ਏਡੀ ਲੰਮੀ ਹੈ ਸਾਡੀ ਕਤਾਰ ਬਾਪੂ

ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,

ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ

ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,

ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ

📝 ਸੋਧ ਲਈ ਭੇਜੋ