ਕਾਲ਼ ਘਟਾਵਾਂ, ਅੰਬਰ ਚੜ੍ਹੀਆਂ, ਧਰਤੀ ਖੋਲ੍ਹਿਆ ਸੀਨਾ

ਕੰਮੀਆਂ ਦੇ ਫੁੱਲ ਉੱਠ ਉੱਠ ਵੇਂਹਦੇ, ਆਇਆ ਸਾਉਣ ਮਹੀਨਾ

ਨਾਲ ਕਿੱਕਰ ਦੇ ਬੀਂਡਾ ਬੋਲੇ ਬਰਨੇ ਵਿੱਚ ਪਪੀਹਾ

ਡਾਰੂੰ ਕੂੰਜ ਵਿਛੜ ਕੇ ਨਿਕਲੀ ਜਿਉਂ ਟੱਬਰ 'ਚੋਂ ਧੀਹਾ

ਲਾਲੜੀਆਂ ਨੇ ਰੌਲਾ ਪਾਇਆ, ਘੁੱਗੀਆਂ ਘੂ ਘੂ ਬੋਲਣ

ਅੰਬੀਂ ਤੋਤੇ ਟੈਂ ਟੈਂ ਕਰਦੇ, ਇੱਲਾਂ ਵੀ ਪਰ ਤੋਲਣ

ਸੋਹਣੇ ਆਲ੍ਹਣੇ ਝੂਲਾ ਝੂਲਣ ਬਿਜੜੇ ਅਤਿ ਸਿਆਣੇ

ਖੁੱਡਾਂ ਦੇ ਵੱਲ ਕੀੜੀਆਂ ਤੁਰੀਆਂ ਮੂੰਹ ਵਿਚ ਫੜਕੇ ਦਾਣੇ

ਕਾਲੇ ਮੂੰਹ ਨੇ ਵੱਲਵਰਾਂ ਦੇ ਵਾਲ ਝੜੇ ਤੇ ਨੱਚਦੇ

ਜੱਲੀ ਪਾ ਪਾ ਰੱਬ ਨੂੰ ਆਖਣ ਮੀਂਹ ਵਰ੍ਹਾ ਦੇ ਸੱਚ ਦੇ

ਵਹੁਟੀ ਲਾੜ੍ਹਾ ਘਰ ਬਣਾਕੇ ਖੇਡਣ ਬਾਲ ਅੰਞਾਣੇ

ਕਿਹਨੇ ਕਿਹੜੇ ਦੇਸ ਨੂੰ ਜਾਣਾ, ਇਹ ਤੇ ਕੋਈ ਨਾ ਜਾਣੇ

ਪਾੜਛਿਆਂ ਦਾ ਪਾਣੀ ਰਲਮਿਲ ਗਲੀਆਂ ਬਣ ਗਈਆਂ ਨਾਲੇ

ਨਾਲੇ ਰਲ ਮਿਲ ਛੱਪੜੀਂ ਟੁਰ ਪਏ ਮਿਲ ਗਏ ਦੇਸ ਨਿਕਾਲੇ

ਛੱਪੜ ਪਾਣੀ ਨਾਲ ਭਰੀਜੇ ਡੱਡੀਆਂ ਟਰ ਟਰ ਲਾਈ

ਨਾਹ ਧੋ ਬਗਲੇ ਆਣ ਲੱਥੇ ਨੇ ਮੱਛੀਆਂ ਜਾਨ ਬਚਾਈ

ਨਾਹ ਧੋ ਬੂਟੇ ਪਹਿਨ ਪੁਸ਼ਾਕਾਂ ਇੰਜ ਨੇ ਚੁੱਪ ਖਲੋਤੇ

ਜਿਵੇਂ ਦਾਨਿਸ਼ਵੰਦ ਸਿਆਣੇ ਫ਼ਿਕਰੀਂ ਖਾਂਦੇ ਗੋਤੇ

ਸੋਹਲੇ ਢੋਲੇ ਮਾਹੀਏ ਗਾਵਣ ਬੈਠ ਚੰਬੇ ਦੀਆਂ ਕਲੀਆਂ

ਮਿੱਠੜੇ ਬੋਲ ਲੱਖਾਂ ਵਿਚ ਰਮਜ਼ਾਂ ਹੱਸ ਹੱਸ ਹੋਵਣ ਝੱਲੀਆਂ

ਇਕਨਾਂ ਖ਼ਾਉਂਦ ਕਲਾਵੇ ਰਾਤੀਂ, ਇਕਨਾਂ ਚਿੱਠੀਆਂ ਘੱਲੀਆਂ

ਇਕਨਾਂ ਦੀ ਤਕਦੀਰ ਉਡੀਕਾਂ, ਕੋਠੇ ਤੇ ਚੜ੍ਹ ਖਲ਼ੀਆਂ

ਇਕਨਾਂ ਨੂੰ ਮੂੰਹ ਜੰਦਰੇ ਲੱਗ ਗਏ ਯਾਦ ਆਈਆਂ ਜਦ ਕਸਮਾਂ

ਨੈਣਾਂ ਸਾਵਣ ਝੜੀਆਂ ਲਾਈਆਂ ਤੋੜ ਨਾ ਸਕਦੀਆਂ ਰਸਮਾਂ

ਪਿਪਲਾਂ ਉੱਤੇ ਚਿੱਟੇ ਬਗਲੇ ਖੁੰਬ ਚੜ੍ਹਾਏ ਲੀੜੇ

ਹਾਕਾਂ ਮਾਰ ਉਡਾਵਣ ਪਰੀਆਂ ਖੁਲ੍ਹ ਖੁਲ੍ਹ ਜਾਵਣ ਬੀੜੇ

ਇੰਜ ਲਗਦੇ ਨੇ ਧਰਤੀ ਜਾਏ ਖੁੰਬਾਂ ਤੇ ਪਦਬੇਹੜੇ

ਪੱਗਾਂ ਬੰਨ੍ਹ ਵਿਹਾਵਣ ਚੱਲੇ ਹੀਰ ਤੱਤੀ ਨੂੰ ਖੇੜੇ

ਤਵਿਆਂ ਉੱਤੇ ਪੂੜੇ ਪੱਕਦੇ, ਛਣਕਣ ਚੂੜੇ ਕੱਚ ਦੇ

ਨਣਦ ਭਰਜਾਈ ਨੇੜੇ ਹੋਈਆਂ, ਨਹੀਂ ਸੁਨੇਹੜੇ ਪੱਚਦੇ

ਬਿਜਲੀ ਲਿਸ਼ਕੀ, ਉੱਡੀਆਂ ਚਿੜੀਆਂ, ਤ੍ਰਭਕ ਗਈਆਂ ਮੁਟਿਆਰਾਂ

ਕੋਇਲ ਗ਼ਮ ਦੇ ਗਾਉਣ ਸੁਣਾਵੇ, ਹਿੱਲੀਆਂ ਦਿਲ ਦੀਆਂ ਤਾਰਾਂ

ਸ਼ਾਮ ਪਈ ਅਸਮਾਨਾਂ ਉੱਤੇ ਪੀਂਘ ਪਈ ਸਤਰੰਗੀ

ਰੰਗ ਬਿਰੰਗੀਆਂ ਚੁੰਨੀਆਂ ਵੇਖ ਕੇ ਯਾਦ ਆਵਣ ਪਏ ਸੰਗੀ

📝 ਸੋਧ ਲਈ ਭੇਜੋ