ਵਸ ਚੱਲੇ ਮੈਂ ਹਰ ਇਕ ਰੁੱਤ ਨੂੰ

ਵਸ ਚੱਲੇ ਮੈਂ ਹਰ ਇਕ ਰੁੱਤ ਨੂੰ ਚੇਤਰ ਰੁੱਤ ਬਣਾਵਾਂ

ਏਸ ਵਤਨ ਦੀ ਮਿੱਟੀ ਗੋਵਾਂ ਸੁੱਚੇ ਫੁੱਲ ਉਗਾਵਾਂ

ਉਸ ਵੇਲੇ ਕਿਉਂ ਸਾਡੇ ਮੂੰਹ ਨੂੰ ਚੁੱਪ ਦੇ ਜਿੰਦਰੇ ਲੱਗੇ

ਚਿੜੀਆਂ ਦਾ ਜਦ ਭੱਪਾ ਖਾ ਖਾ ਸ਼ੋਰ ਮਚਾਇਆ ਕਾਵਾਂ

ਭਾਦੋਂ ਦੀ ਉਹ ਬਦਲੀ ਹੈਸੀ ਛਮ ਛਮਾ ਛਮ ਵੱਸੀ,

ਫੇਰ ਉਦਾਸੀ ਕੁੱਛੜ ਚਾ ਲਈ ਸਾਰੇ ਸ਼ਹਿਰ ਗਰਾਵਾਂ

ਇਨ੍ਹਾਂ ਲਈ ਤੇ ਸਾਡੇ ਸਿਰ ਵੀ ਕਾਲੀ ਹਾਂਡੀ ਹੋਈ,

ਅੰਨ੍ਹਿਆਂ ਹੱਥ ਬਟੇਰੇ ਆਏ ਕਿਸਰਾਂ ਗੱਲ ਵਲਾਵਾਂ

ਸੱਧਰਾਂ ਤਾਂਘਾਂ ਆਸ ਉਮੀਦਾਂ ਘੋਲ ਮਥੋਲਾ ਹੋਈਆਂ,

ਅੱਗੇ ਪਿੱਛੇ ਹੋ ਹੋ ਮਿਲਦਾ ਮੇਰਾ ਪਰਛਾਵਾਂ

ਖੂਹ ਪੁਰਾਣਾ ਗੇੜੇ 'ਰਾਣਾ' ਅੱਥਰ ਅੱਥਰ ਕੇਰੇ,

ਜਿੱਥੇ ਜਿੱਥੇ ਅੱਥਰ ਕੇਰੇ ਬਲ ਬਲ ਨਿਕਲਣ ਹਾਵਾਂ

📝 ਸੋਧ ਲਈ ਭੇਜੋ