ਮੈਂ ਮਰਜਾਂ ਤੇ ਸਣੇ ਲੀਰਾਂ ਹੀ ਮਿੱਟੀ ਵਿਚ ਦਬਾ ਦੇਣਾ
ਕਿਸੇ ਨੰਗੇ ਨੂੰ ਮੇਰੇ ਕਫ਼ਨ ਦੇ ਕੱਪੜੇ ਪੁਆ ਦੇਣਾ
ਨਾ ਕਰਨਾ ਕਰਨਾ ਦਸਵਾਂ ਚਾਲ੍ਹੀਆ ਨਾ ਰੋਟੀਆਂ ਦੇਣਾ
ਕਿਸੇ ਬੇਵਾ ਦਾ ਠੰਡਾ ਹੋ ਗਿਆ ਚੁੱਲ੍ਹਾ ਭਖਾ ਦੇਣਾ
ਇਹ ਧਰਤੀ ਹੋ ਗਈ ਮਹਿੰਗੀ ਬਚਾ ਕੇ ਗੋਰ ਦੇ ਪੈਸੇ
ਕਿਸੇ ਔਤਰ ਨਖੱਤਰ ਨੂੰ ਕੋਈ ਖੋਖਾ ਲਵਾ ਦੇਣਾ
ਨੁਹਾ ਕੇ ਕੀ ਕਰੋਗੇ ਜਦ ਮੈਂ ਖੇਹ ਦੇ ਵਿਚ ਹੈ ਖੇਹ ਹੋਣਾ
ਅਮਨ ਦੀ ਕਲਮ ਲਾ ਕੇ ਉਸ ਨੂੰ ਪਾਣੀ ਇਹ ਲਾ ਦੇਣਾ
ਨਾ ਲੈਣਾ ਕੌੜਾ ਵੱਟਾ ਭੱਤੀਆਂ, ਮਾੜੇ ਸ਼ਰੀਕਾਂ ਤੋਂ
ਦਬਾ ਕੇ ਆਉਂਦਿਆਂ ਈ ਸੋਗ ਦੀ ਫੂੜ੍ਹੀ ਚੁੱਕਾ ਦੇਣਾ
ਜੇ ਮੈਨੂੰ ਕਰਨ ਲਈ ਵੱਡਾ ਤੁਸਾਂ ਕਰਜ਼ਾ ਈ ਚੁਕਣਾ ਐਂ
ਕਿਸੇ ਬਾਬਲ ਦੇ ਵਿਹੜੇ 'ਚੋਂ ਬੱਸ ਇਕ ਡੋਲ਼ਾ ਉਠਾ ਦੇਣਾ
ਲਿਖਣ ਮਿੱਤਰ ਜੇ ਚਿੱਠੀ ਸੋਗ ਦੀ ਦੂਰੋਂ ਤੇ ਮੰਨ ਲੈਣਾ
ਮਰੇ ਦਾ ਮੂੰਹ ਨਾ ਜੇ ਵੇਖਣ, ਨਾ ਗੱਲਾਂ ਨੂੰ ਹਵਾ ਦੇਣਾ
ਮੇਰੇ ਜੁੱਸੇ ਦੇ ਹਿੱਸੇ ਵੰਡ ਦੇਣਾ ਕੰਮ ਜੇ ਆ ਜਾਵਣ
ਕਿਸੇ ਅੰਨ੍ਹੇ ਦੀਆਂ ਅੱਖਾਂ ਨੂੰ ਮੇਰੇ ਨੂਰ ਲਾ ਦੇਣਾ
ਲਿਪਾਈ ਹਰ ਵਰ੍ਹੇ ਕਬਰਾਂ ਦੀ ਕਰ ਕੇ ਵਿਚ ਮੁਹੱਰਮ ਦੇ
ਮੇਰੀ ਧਰਤੀ ਦੀ ਮਿੱਟੀ ਦੀ ਨਾ ਜ਼ਰਖ਼ੇਜ਼ੀ ਮੁਕਾ ਦੇਣਾ
ਕੋਈ ਪੁੱਛੇ ਕੀ ਹੋਇਆ? ਕਿਵੇਂ ਮੋਇਆ ਤੇ ਕਿਉਂ ਮੋਇਆ?
ਮੇਰੀ ਗੰਦੀ ਜਿਹੀ ਕਟੜੀ 'ਚ ਮੇਰਾ ਘਰ ਵਿਖਾ ਦੇਣਾ
ਲੜਾਈ ਕੌਮੀ, ਮਜ਼੍ਹਬੀ, ਰੰਗ ਨਸਲਾਂ ਦੀ ਮੁਕਾਵਣ ਲਈ
ਮੇਰੀ ਮਿੱਟੀ ਦੀ ਮਹਿੰਦੀ ਨੂੰ ਹਵਾਵਾਂ ਵਿਚ ਉਡਾ ਦੇਣਾ
ਕਦੇ ਮਿਹਨਤਕਸ਼ੋ ! ਜੇ ਯਾਦ ਆ ਜਾਵਾਂ ਸਵਾਬਾਂ ਲਈ
ਤੇ ਜ਼ਰਦਾਰਾਂ ਨੂੰ ਮਿਲ ਕੇ ਏਸ ਧਰਤੀ ਤੋਂ ਮੁਕਾ ਦੇਣਾ