ਮੈਂ ਕੋਈ 'ਵੱਡਾ ਆਦਮੀ' ਨਹੀਂ

ਜਿਸਦੀ ਵਸੀਅਤ ਪੁਗਾਉਣ ਲਈ ਕਰਨੇ ਪੈਣਗੇ ਤੁਹਾਨੂੰ

ਅੰਤਰ ਰਾਸ਼ਟਰੀ ਅਡੰਬਰ

ਮੇਰੀ ਤਾਂ ਰੀਝ ਹੈ ਕਿ ਮੇਰੀ ਕਵਿਤਾ

ਬਣ ਜਾਏ ਸੂਹੀ ਸਵੇਰ ਦਾ ਇੱਕ ਭਾਗ

ਤੇ ਦਿਨ ਚੜ੍ਹਦੇ ਦੀ ਲਾਲੀ ਨੂੰ ਮੇਰੇ ਕਿਰਤੀ ਭਰਾ

ਦੇਖਣ ਲਈ ਹੋ ਹੋ ਖਲੋਣ ਇੱਕ ਦੂਜੇ ਤੋਂ ਮੂਹਰੇ

ਮੈਂ ਹਰਗਿਜ਼ ਨਹੀਂ ਚਾਹਾਂਗਾ

ਕਿ ਮੇਰੇ ਗੀਤ ਬਣਨ ਜਣੇਂ ਖਣੇਂ ਦੀ ਪ੍ਰਸ਼ੰਸਕ ਆਲੋਚਨਾ ਦਾ ਵਿਸ਼ਾ

ਕਿਉਂਕਿ ਮੇਰੇ ਦੁਸ਼ਮਣ ਬਹੁਤ ਕਾਹਲੇ ਹਨ ਮੇਰੀ ਪ੍ਰਸ਼ੰਸਾ ਕਰਕੇ

ਮੇਰੇ ਮਿੱਤਰਾਂ ਵਿਚ ਘੁਸੜਨ ਲਈ

ਮੇਰੀ ਲੋਥ ਤਾਂ ਸ਼ਾਇਦ ਤੁਹਾਨੂੰ ਨਹੀਂ ਲੱਭਣੀ

ਤੇ ਨਾ ਹੀ ਪਤਾ ਲੱਗੇਗਾ

ਮੇਰੇ ਮਰਨ ਦੀ ਤਾਰੀਖ ਅਤੇ ਬਕੂਏ ਦਾ

ਨਹੀਂ ਤਾਂ ਮੈਂ ਤੁਹਾਨੂੰ

ਅੰਤਮ ਸੰਸਕਾਰ ਬਾਰੇ ਵੀ ਲਿਖਣਾ ਸੀ ਜ਼ਰੂਰ

ਮੈਨੂੰ ਤਾਂ ਬੱਸ ਇਹੀ ਝੋਰਾ ਹੈ

ਕਿ ਮੇਰੀ ਲਾਸ਼ ਤੱਕਦੀ ਰਹੇਗੀ ਅਣਪਛਾਤੇ ਪੁਲ ਦੇ ਲਾਗਲੇ ਵੱਢਾਂ ਵਿਚਕਾਰ

ਜਿਸ ਦੀ ਬੋਅ ਸਦਕਾ ਨਹੀਂ ਸਕਣਗੀਆਂ ਏਧਰ

'ਬੱਲੀ' ਵਰਗੇ ਪਾਲੀਆਂ ਦੀਆਂ ਚਰਨ ਲਈ ਗਾਈਆਂ

ਤੇ ਏਧਰ ਕੋਈ ਸਿਲ੍ਹੇਹਾਰ ਨਹੀਂ ਆਏਗੀ

ਭਰੇ ਗੱਡਿਆਂ ਤੋਂ ਮਲ੍ਹਿਆਂ ਨਾਲ ਘਸੜਕੇ ਕਿਰੀਆਂ ਬੱਲੀਆਂ ਚੁਗਣ ਲਈ

ਹੋ ਸਕਦਾ ਹੈ ਕਿ ਮੈਨੂੰ ਅੱਜ ਟੁੱਕਿਆ ਜਾਏ

ਮੇਰੇ ਵਿਲਕਦੇ ਬੱਚਿਆਂ ਦੇ ਸਾਹਮਣੇ

ਜਾਂ ਮੈਂ ਖ਼ੁਦ ਵੀ ਕਿਸੇ ਸਾਥੀ ਦੀ ਮਾਂ ਨੂੰ ਘੜੀਸੀ ਜਾਂਦੇ

ਕਪਤਾਨ ਵਿਚ ਟੱਕਰ ਮਾਰ ਕੇ ਮਰ ਸਕਦਾ ਹਾਂ

ਉਸ ਸਮੇਂ ਨਾ ਤਾਂ ਤੁਹਾਨੂੰ ਖੇਚਲ ਹੋਏਗੀ

ਮੇਰੀ ਲੋਥ ਦੀ ਬੇ-ਅਦਬੀ ਰੋਕਣ ਲਈ

ਕਿਉਂਕਿ ਉਦੋਂ ਤੁਸੀਂ ਵੀ ਘਿਰੇ ਹੋਏ ਹੋਵੋਗੇ

ਖੂੰਖਾਰ ਗਿਰਝਾਂ ਅਤੇ ਕੁੱਤਿਆਂ ਵਿਚਕਾਰ

ਹੋ ਸਕੇ ਤਾਂ ਮੇਰਾ 'ਖ਼ੈਰ-ਸੁੱਖ' ਵਾਲਾ ਗੀਤ

ਪਹੁੰਚਾ ਦੇਣਾ ਸ਼ਹੀਦ ਸਾਥੀਆਂ ਦੇ ਪਿੰਡਾਂ ਦੀਆਂ ਸੱਥਾਂ ਵਿਚਕਾਰ

ਮੈਨੂੰ ਪਤਾ ਹੈ ਕਿ ਮੇਰੇ ਕਾਤਲਾਂ ਨੂੰ ਬਰੀ ਕਰਨ ਲਈ

ਬਹੁਤ ਕਾਹਲੀਆਂ ਹੋਣਗੀਆਂ ਸਾਡੇ ਦੁਸ਼ਮਣਾਂ ਦੀਆਂ ਅਦਾਲਤਾਂ

ਪਰ ਤੁਸੀਂ ਇਸ ਦਾ ਕੋਈ ਗ਼ਮ ਨਾ ਕਰਨਾ

ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਸਜ਼ਾ ਮਿਲਣ ਤੋਂ ਪਹਿਲਾਂ

ਕਦੋਂ ਦੀ ਸਜ਼ਾ ਮਿਲ ਚੁੱਕੀ ਹੈ

ਜਦੋਂ ਕਿ ਮੈਂ ਕਿਰਤੀਆਂ ਦੇ ਗੀਤ ਦੀ ਲਿਖੀ ਸੀ ਪਹਿਲੀ ਸਤਰ

📝 ਸੋਧ ਲਈ ਭੇਜੋ