ਦੇਸ਼ ਵੰਡ ਦੇ 1947 ਵੇਲੇ ਹੋਏ ਉਜਾੜੇ ਦੀ ਦਰਦਨਾਕ ਦਾਸਤਾਨ।
ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ
ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ
ਟੁੱਟੀਆਂ ਸਾਰੀਆਂ ਹੱਦਾਂ ਬੰਨੇ
ਇਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ
ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ
ਸੇਜੋਂ ਡਿੱਗ ਕੇ ਪੈਰੀਂ ਰੁਲੀਆਂ
ਸੱਸੀਆਂ, ਸੋਹਣੀਆਂ, ਹੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ
ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ
ਬਾਬਲ ਦੀਆਂ ਅੱਖੀਆਂ ਦੇ ਚਾਨਣ,
ਅੰਮੀਂ ਦੇ ਅਰਮਾਨ
ਮੌਤ ਦੀ ਘੋੜ੍ਹੀ ਚੜ੍ਹੇ
ਅੱਜ ਵੀਰਾਂ ਦੀ ਭੈਣ ਨਿਮਾਣੀ,
ਕਿਸਦੀ ਵਾਗ ਫੜੇ
ਭੈਣਾਂ ਦਿਉ ਵੀਰੋ।
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ।