ਵੇ ਦਿਲ ਬਿਜੜੇ ਦੇ ਆਲ੍ਹਣੇ ’ਤੇ ਆ ਗਿਆ,
ਮੈਂ ਭੁੱਲ ਗਈ ਮਹਿਲ ਸੋਹਣਿਆਂ।
ਵੇ ਸਾਨੂੰ ਕੱਖਾਂ ਦਿਆਂ ਤੀਲਿਆਂ ਨੇ ਭਾਅ ਲਿਆ,
ਰਹੀ ਨਾ ਵੱਸ ਗੱਲ ਸੋਹਣਿਆਂ।
ਇਹ ਚੰਦਰਾ ਤੇ ਹਵਾ ਤੋਂ ਨਾ ਡਰਦਾ,
ਜੜ੍ਹ ਕੱਚੀ ਆਲਣੇ ਦੀ ਤਾਂਹੀਓਂ ਘੜਦਾ।
ਪੀਂਘ ਪਿਆਰ ਵਾਲੀ ਪਾਈ,
ਵਿੱਚ ਸੇਜ ਵੀ ਵਿਛਾਈ।
ਮੇਰੇ ਆਉਣ ਦੀ ਖ਼ਬਰ ਜਦ ਆਈ,
ਸਜਾ ’ਤਾ ਪਲ-ਪਲ ਸੋਹਣਿਆਂ।
ਦਿਲ ਬਿਜੜੇ ਦੇ ਆਲਣੇ ’ਤੇ ਆ ਗਿਆ,
ਮੈਂ ਭੁੱਲ ਗਈ ਮਹਿਲ ਸੋਹਣਿਆਂ ।
ਤੀਲਾ-ਤੀਲਾ ਕਰ ਘਰ ਨੂੰ ਸਜਾਇਆ ਏ,
ਕੂਲ਼ੇ-ਕੂਲ਼ੇ ਅੰਗ ਘਾਹ ਦੇ ਲਿਆਇਆ ਏ।
ਮੈਂ ਨਵਾਂ ਇਤਿਹਾਸ ਬਣਾਉਣਾ,
ਬਿਜੜੇ ਨਾਲ ਵਿਆਹ ਕਰਵਾਉਣਾ।
ਰੁੱਖ਼ਾਂ ਕੱਟ ਜੋ ਸੇਜਾਂ ਬਣੀਆਂ,
ਸਰਬ ਉਹਨਾਂ ’ਤੇ ਨੀਂਦ ਨਾ ਆਉਂਣਾ।
ਤੂੰ ਮੰਨ ਮੇਰੀ ਗੱਲ ਸੋਹਣਿਆਂ,
ਵੇ ਦਿਲ ਬਿਜੜੇ ਦੇ ਆਲ੍ਹਣੇ ’ਤੇ ਆ ਗਿਆ।
ਮੈਂ ਭੁੱਲ ਗਈ ਮਹੱਲ ਸੋਹਣਿਆ।
ਸਾਨੂੰ ਪਤਾ ਮੀਂਹ-ਨੇਰੀ ਆਉਣਾ,
ਜਿਹਨਾਂ ਨੇ ਆਣ ਆਲਣਾ ਢਾਹੁਣਾ।
ਪਿਆਰ ਦੀ ਤਾਕਤ ਵੇਖੀਂ ਸੱਜਣਾ,
ਅਸਾਂ ਫਿਰ ਨਵਾਂ ਆਲਣਾ ਪਾਉਣਾ।
ਕੁੱਖੀਂ ਕਦੇ ਨਾ ਬੱਚੀਆਂ ਮਾਰਨਾ,
ਰੁੱਖਾਂ ’ਤੇ ਜ਼ਿੰਦਗੀ ਨੂੰ ਗੁਜ਼ਾਰਨਾ।
ਕਹਾਂ ਮੈਂ ਸੱਚੀ ਗੱਲ ਸੋਹਣਿਆਂ,
ਵੇ ਦਿਲ ਬਿਜੜੇ ਦੇ ਆਲ੍ਹਣੇ ’ਤੇ ਆ ਗਿਆ।
ਮੈਂ ਭੁੱਲ ਗਈ ਮਹੱਲ ਸੋਹਣਿਆਂ।