ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ

ਇੱਕ ਗੀਤ ਸੁਣਾਵਾਂ ਮੈਂ, ਇੱਕ ਬਾਤ ਸੁਣਾਵਾਂ ਮੈਂ

ਜੋ ਦਰਦ ਕਹਾਣੀ ਏ, ਪਰ ਸਭ ਦੀ ਸਾਂਝੀ

ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ

ਉਸ ਪਾਰ ਸਮੁੰਦਰ ਵਿੱਚ, ਇੱਕ ਨਾਗ ਵਸੇਂਦਾ

ਜੋ ਬੜਾ ਜ਼ਹਿਰੀਲਾ ਏ, ਜਨਤਾ ਦਾ ਵੈਰੀ

ਉਹ ਪੱਛਮ ਵਿੱਚ ਰਹਿੰਦਾ, ਅਸੀ ਪੂਰਬ ਵਿੱਚ ਰਹਿੰਦੇ

ਉਹ ਓਸ ਕਿਨਾਰੇ 'ਤੇ, ਅਸੀਂ ਏਸ ਕਿਨਾਰੇ ਹਾਂ

ਪਰ ਫਿਰ ਵੀ ਡਰ ਉਸਦਾ, ਪੂਰਬ ਦੀ ਧਰਤੀ ਨੂੰ

ਦੁਨੀਆਂ ਦੇ ਲੋਕੋ ਵੇ……………………

ਉਹ ਓਸ ਕਿਨਾਰੇ 'ਤੇ ਹੈ ਜ਼ਹਿਰਾਂ ਘੋਲ ਰਿਹਾ

ਇਸ ਦੁਧੀਏ ਪਾਣੀ ਵਿੱਚ, ਅਮਨਾਂ ਦੇ ਸਾਗਰ ਵਿੱਚ

ਤੇ ਘੋਲ-ਘੋਲ ਜ਼ਹਿਰਾਂ ਸਾਡੇ ਵੱਲ ਘੱਲ ਰਿਹਾ

ਦੁਨੀਆਂ ਦੇ ਲੋਕੋ ਵੇ, ਜਾਗੋ ਵੇ ਸੰਭਲੋ ਵੇ

ਦੁਨੀਆਂ ਦੇ ਲੋਕੋ ਵੇ……………………

ਤੁਹਾਨੂੰ ਸਹੁੰ ਖੇਤਾਂ ਦੀ, ਤੁਹਾਨੂੰ ਸਹੁੰ ਬੱਚਿਆਂ ਦੀ

ਤੇ ਸਹੁੰ ਏਸ਼ੀਆ ਦੀ, ਪੂਰਬ ਦੀ ਧਰਤੀ ਦੀ

ਇੱਕ ਸੋਟਾ ਏਕੇ ਦਾ, ਆਪਣੇ ਹੱਥ ਫੜੀਏ ਵੇ

ਤੇ ਉਸ ਕਿਨਾਰੇ ਜਾ, ਫ਼ਨੀਅਰ ਦੇ ਜੜੀਏ ਵੇ

ਦੁਨੀਆਂ ਦੇ ਲੋਕੋ ਵੇ……………………

ਉਸ ਏਸ ਸਮੁੰਦਰ ਵਿੱਚ, ਜੋ ਜ਼ਹਿਰ ਮਿਲਾਈ

ਜੋ ਕਹਿਰ ਮਚਾਇਆ ਏ, ਜੋ ਮੌਤ ਰਲਾਈ

ਪੀ ਅੰਮ੍ਰਿਤ ਏਕੇ ਦਾ, ਜ਼ਹਿਰਾਂ ਸਭ ਚੂਸ ਲਈਏ

ਜ਼ਹਿਰਾਂ ਸਭ ਚੂਸ ਲਈਏ, ਪਾਣੀ ਨੂੰ ਧੋ ਸੁਟੀਏ

ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ

📝 ਸੋਧ ਲਈ ਭੇਜੋ