ਤੱਕ-ਤੱਕ ਹੈਰਾਨੀਆਂ ਹੋਂਦੀਆਂ ਨੇ,
ਕੈਸੇ ਵਹਿਮ ਨੇ ਲੋਕਾਂ ਨੇ ਪਾਲ ਰੱਖੇ।
ਕਈਆਂ ਵਾਲ ਮੁੰਨਾਏ ਨੇ ਰੱਬ ਖਾਤਰ,
ਰੱਬ ਵਾਸਤੇ ਕਈਆਂ ਨੇ ਵਾਲ ਰੱਖੇ।
ਕਈਆਂ ਨੱਗ ਜੜਾਏ ਨੇ ਮੁੰਦੀਆਂ ਚ,
ਕਈਆਂ ਗਲੇ ਤਵੀਤ ਨੇ ਡਾਲ ਰੱਖੇ।
ਕਰੇ ਸਜਦੇ ਕੋਈ ਸਿਆਣਿਆਂ ਨੂੰ ,
ਕਈਆਂ ਦੀਵੇ ਮਜ਼ਾਰਾਂ 'ਤੇ ਬਾਲ ਰੱਖੇ।
ਕੋਈ ਹੱਥ ਵਿਖਾਵੇ ਪਿਆ ਜੋਤਸ਼ੀ ਨੂੰ,
ਨਿਗਾਹ ਮੇਹਰ ਦੀ ਸ਼ਨੀ ਮਹਾਂਕਾਲ ਰੱਖੇ।
ਕੋਈ ਗਾਵਾਂ ਨੂੰ ਰੋਟੀ ਦਾ ਭੋਗ ਲਾਵੇ,
ਕੋਈ ਕਾਵਾਂ ਨੂੰ ਪਾਉਣ ਲਈ ਦਾਲ ਰੱਖੇ।
ਧਾਗੇ ਬੰਨ'ਤੇ ਪਿੱਪਲ ਦਾ ਸਾਹ ਘੁੱਟਿਆ,
ਸੁੱਖਾਂ ਸੁੱਖੀਆਂ ਆਸਾਂ ਵਿੱਚ ਲਾਲ ਰੱਖੇ।
ਬਿੱਲੀ ਕੱਟ ਗਈ ਰਾਹ ਨਾ ਤੁਰ ਹੁੰਦਾ,
ਛਿੱਕ ਵੱਜੇ ਤਾਂ ਮੁੱਖ 'ਤੇ ਗਾਲ੍ਹ ਰੱਖੇ।
ਟੰਗੇਂ ਬੂਹੇ 'ਤੇ ਨਿੰਬੂਆਂ ਮਿਰਚੀਆਂ ਨੂੰ,
ਰਾਸ਼ੀਫਲਾਂ ਦਾ ਪੂਰਾ ਖਿਆਲ ਰੱਖੇ।
ਦਹੀਂ ਖਾ ਕੇ ਦੇਣ ਨੂੰ ਜਾਣ ਪੇਪਰ,
ਮੋਰਪੰਖ ਕਿਤਾਬਾਂ ਚ ਨਾਲ ਰੱਖੇ।
ਇਹਨਾਂ ਵਹਿਮਾਂ ਤੋਂ ਉਹੋ ਈ ਬਚੇ 'ਸਾਹਿਬ',
ਜੀਹਨੂੰ ਸਤਿਗੁਰੂ ਆਪ ਸੰਭਾਲ ਰੱਖੇ।