ਵੇਖ ਕੇ ਕੀਤੇ ਜਾਵਣ ਜੋ ਇਤਬਾਰ

ਵੇਖ ਕੇ ਕੀਤੇ ਜਾਵਣ ਜੋ ਇਤਬਾਰ ਤੇ ਨਈਂ ਨਾ ਹੁੰਦੇ 

ਮਤਲਬ ਇੰਜ ਦੇ ਪਿਆਰ ਵੀ ਕੋਈ ਪਿਆਰ ਤੇ ਨਈਂ ਨਾ ਹੁੰਦੇ

ਮਨ ਲੈਨੇ ਆਂ ਪੈ ਸਕਦਾ ਫ਼ਰਕ ਤੇ ਥੋੜ੍ਹਾ ਬਹੁਤਾ 

ਦੂਰੋਂ ਤੱਕਿਆਂ ਸੀਨੇ ਠੰਢੇ ਠਾਰ ਤੇ ਨਈਂ ਨਾ ਹੁੰਦੇ 

ਘਾਟੇ ਵਾਧੇ ਰੌਲ਼ੇ ਰੱਪੇ ਗੱਲਾਂ ਬਾਤਾਂ ਕੋਲ਼ੋਂ 

ਡਰਕੇ ਕਰਿਆਂ ਇਸ਼ਕ ਦੇ ਕਾਰੋਬਾਰ ਤੇ ਨਈਂ ਨਾ ਹੁੰਦੇ

ਜਿਹੜੇ ਵੇਲ਼ੇ ਜਿੱਥੇ ਮੰਗਣ ਭਾਵੇਂ ਜੋ ਵੀ ਮੰਗਣ 

ਸੱਜਣਾਂ ਕੋਲ਼ੋਂ ਸੱਜਣਾਂ ਤੋਂ ਇਨਕਾਰ ਤੇ ਨਈਂ ਨਾ ਹੁੰਦਾ

ਜਿੰਨਾਂ ਮਰਜ਼ੀ ਨੇੜੇ ਹੋਈਏ ਜਿੰਨਾਂ ਮਰਜ਼ੀ ਮਿਲ਼ੀਏ 

ਸਾਰੇ ਹੱਥ ਮਿਲਾਵਣ ਵਾਲ਼ੇ ਯਾਰ ਤੇ ਨਈਂ ਨਾ ਹੁੰਦੇ

ਸੱਜਣ ਨਾਲ਼ ਨਾ ਹੋਵਣ ‘ਸੰਧੂ’ ਲੱਖ ਮਲਾਹ ਵੀ ਹੋਵਣ 

ਸੱਚੀਂ ਦੱਸੋ ’ਕੱਲਿਆਂ ਬੇੜੇ ਪਾਰ ਤੇ ਨਈਂ ਨਾ ਹੁੰਦੇ

📝 ਸੋਧ ਲਈ ਭੇਜੋ