ਵੇਲਾ ਆ ਗਿਆ ਹੈ ਹੁਣ

ਵੇਲਾ ਗਿਆ ਹੈ ਹੁਣ

ਤੇਰੇ ਖਾਬਾਂ ਨੂੰ ਵੀ ਕੋਈ ਨਾਮ ਦਿਆਂ

ਤੇਰੇ ਬੋਲਾਂ ਨੂੰ ਵੀ ਕੋਈ ਸ਼ਾਮ ਕਹਾਂ

ਲਹੂ ਨਾਲ ਰੰਗਾਂ ਤੇਰੀ ਰੂਹ ਨੂੰ

ਤੇਰੇ ਅਰਮਾਨਾਂ ਨੂੰ ਵੀ ਸਲੀਬ ਤੇ ਟੰਗ ਸਲਾਮ ਕਹਾਂ -

ਮੈਂ ਸ਼ਬਦਬਲੀ

ਬੁੱਝ ਲੈਂਦਾ ਹਾਂ ਹਿੱਕਾਂ

ਟੋਹ ਲੈਂਦਾ ਹਾਂ ਸਾਹ

ਬਹੁਤ ਚਿਰ ਹੋਇਆ

ਤੇਰਾ ਸੀਨਾ ਤੜਫਦਾ ਦੇਖਿਆ

ਤੇਰੀ ਰਾਤ ਦੇਖੀ ਭਟਕਦੀ

ਸਿਤਾਰੇ ਸਨ ਤੇਰੇ ਥਿਰਕਦੇ

ਰੂਹ ਤੇਰੀ ਕੰਬਦੀ ਰਹੀ

ਖੰਜ਼ਰ ਮੇਰਾ ਵੀ ਪਿਆਸਾ ਹੈ ਚਿਰਾਂ ਦਾ

ਇਸ ਤੋਂ ਵਧੀਆ ਪਹਿਰ ਕਿਹੜਾ ਹੋਵੇਗਾ

ਕਿਹੜਾ ਹੋਵੇਗਾ ਰੌਸ਼ਨ ਦਿਨ-

ਤੈਂ ਕਾਲੀਆਂ ਰਾਤਾਂ ਲਿਖੀਆਂ

ਕਈ ਬੇਗੁਨਾਹ ਕਹਾਣੀਆਂ-ਨਹਿਰਾਂ, ਕਿੱਕਰਾਂ ਨੇੜੇ

ਮੈਂ ਸੂਰਜ ਸਾਂਹਵੇਂ

ਸਿਰ ਮੰਗਾਂਗਾ ਤੇਰਾ-

ਦੇਖ ਅੱਜ ਤੇਰਾ ਵੀ ਸਨਮਾਨ ਹੋਣਾ ਹੈ

ਤੇਰੀ ਹਿੱਕ ਨੂੰ ਹਵਾਵਾਂ ਨੇ ਗੋਲੀਆਂ ਪਰੋਣਾ ਹੈ

ਇਹਨਾਂ ਰਾਹਵਾਂ ਦਾ ਸੰਤਾਪ ਸੁਣ

ਮਾਰੇ ਬੋਟਾਂ ਕੋਲ

ਅੱਜ ਤੱਕ ਬੈਠੀਆਂ ਭੁੱਖੀਆਂ ਪਿਆਸੀਆਂ

ਚਿੜੀਆਂ ਦਾ ਵਿਰਲਾਪ ਸੁਣ

ਜੋ ਕਦੇ ਸੁੰਨ੍ਹੇ ਆਲ੍ਹਣਿਆਂ ਨਾ ਪਰਤੀਆਂ

ਐਂਵੇ ਕਾਹਲਾ ਨਾ ਪੈ-

ਏਨਾ ਬੇਸਬਰ ਨਾ ਹੋ-

ਅੱਜ ਮੈਂ ਤੇਰੀ ਆਖਰੀ ਖਾਹਿਸ਼ ਵੀ ਨਹੀਂ ਪੁੱਛਾਂਗਾ

ਬਲ ਲੈਣ ਦੇ ਚਿਖਾਵਾਂ

ਠੰਢੇ ਹੋ ਲੈਣ ਦੇ ਸਿਵੇ

ਤੈਨੂੰ ਵੀ ਬਖ਼ਸ਼ਾਂਗਾ ਮੈਡਲ

ਗੋਲੀਆਂ ਦੀ ਕਿਨਾਰੀ ਫ਼ਰੇਮ ਜੜ੍ਹਾ ਕੇ

ਖਿਤਾਬ ਸੁੱਟਾਂਗਾ ਬਨੇਰੇ ਤੋਂ ਕੁਰਲਾਂਦੀਆਂ ਰੂਹਾਂ ਹੱਥੋਂ

ਝੋਲੀ ਖੋਲ੍ਹ ਕੇ ਰੱਖੀਂ

ਦਿੱਲ ਥੰਮ ਲਈਂ ਜਰਾ

ਸਿਰ ਉਤਾਂਹ ਕਰ ਤਾਜ ਸਜਾਵਾਂ

ਤੇਰੇ ਵੀ ਸੁਪਨਿਆਂ ਕੋਈ ਚੰਨ ਮੜਾਂਵਾਂ

ਤੇਰੀ ਪੜ੍ਹ ਲਈ ਹੈ ਮੈਂ ਹਿੱਕ

ਤੇ ਮੱੱਥੇ ਦੀ ਲਕੀਰ

ਇਸ ਵਿਚ ਲਿਖਿਆ ਜੋ ਤੇਰੇ ਜੋਗਾ

ਮੇਰੀ ਲਿਖੇਗੀ ਸ਼ਮਸ਼ੀਰ

ਚੱਲ ਹੋ ਹੁਣ ਤਿਆਰ

ਸਲੀਬ ਉਡੀਕਦੀ ਹੈ

ਕੰਬਦਾ ਕਿਉਂ ਏਂ

ਸਾਹ ਕਿਉਂ ਨਹੀਂ ਗੱਲਾਂ ਕਰਦੇ ਤੇਰੇ

ਹੱਥ ਕਿਉਂ ਨਹੀਂ ਕਰਦੇ ਐਲਾਨ-

'ਕਿ ਖ਼ਤਮ ਕਰ ਦਿਓ ਇਹ ਅਵਾਜ਼ਾਂ'

ਅਰਜ਼ ਫਰਿਆਦ ਨਾ ਕਰੀਂ

ਨਾ ਤੂੰ ਕਿਸੇ ਦੀ ਸੁਣੀ ਸੀ

ਨਾ ਮੈਂ ਤੇਰੀ ਅੱਜ ਕੋਈ ਸੁਣਨੀ-

ਸਮਾਂ ਬਹੁਤ ਘੱਟ ਹੈ-

ਮਿਲ ਲੈ ਆਪਣੇ ਰਹਿਬਰਾਂ ਨੁੰ

ਧਿਆ ਲੈ ਪੈਗੰਬਰਾਂ ਨੂੰ-

ਦੇਖ ਲੈ ਆਪਣੇ ਬੱਚਿਆਂ ਵੱਲ ਇੱਕ ਵਾਰ

ਜਿਵੇਂ ਮੇਰੇ ਯਾਰਾਂ ਦੇ ਨੰਨੇ ਵਿਲਕਦੇ ਰਹੇ-

ਤੇਰੀ ਹਿੱਕ ਦੀ ਵਾਰੀ ਹੈ-

ਲੱਖੀਂ ਸੁੰਨ੍ਹੇ ਘਰੀਂ ਦਰੀਂ ਦੀਵੇ ਜਗਣੇ ਨੇ-

ਅੱਜ ਭੈਣਾਂ ਨੂੰ ਰੱਖੜੀਆਂ ਲਈ ਬਾਂਹਾਂ ਮਿਲਣਗੀਆਂ

ਕਿਸੇ ਬਾਪੂ ਦਾ ਇੱਕ ਹਾਉਕਾ ਵਾਪਿਸ ਆਏਗਾ

ਭੱਜੀਆਂ ਵੰਗਾਂ ਛਣਕਾਰ ਮੁੜੇਗੀ ਅੱਜ-

ਵੇਲਾ ਗਿਆ ਹੈ ਹੁਣ

📝 ਸੋਧ ਲਈ ਭੇਜੋ