ਕੌਣ ਕਰੇ ਨਿਰਵਾਰ, ਹਯਾਤੀ ਡੱਕੋ ਡੋਲੇ
ਡਾਵਾਂ ਡੋਲ ਆਸਾਰ, ਜੀਵਣਾ ਬਣਿਆ ਖੋਲੇ
ਪਿੱਛਲ ਪੈਰੀ ਸਾਰ, ਅਚੇਤੀ ਵਧ ਕੇ ਬੋਲੇ
ਸਗਵੇਂ ਕੂੜ ਵਿਹਾਰ, ਸਮੇ ਰੰਗ ਰੱਤੇ ਚੋਲੇ
ਕਰਨੀ ਦੇ ਕਰਤਾਰ, ਸਾਦੜੇ ਬੀਬੇ ਭੋਲੇ
ਭਰਨੀ ਦੇ ਅਗਵਾਰ, ਬਾਦਸ਼ਾਹ, ਰਾਣੀ, ਗੋਲੇ
ਧਰਮਾਂ ਦੀ ਭਰਮਾਰ, ਕਣਾਂ ਨੂੰ ਕੀਕਣ ਫੋਲੇ
ਇੱਕ ਦੀ ਕੀਤੀ ਕਾਰ, ਕਈਂ ਦੇ ਨਾਵੇਂ ਬੋਲੇ
ਕੁਦਰਤ ਦੀ ਇੱਕਸਾਰ ਕਦੀ ਨਾ ਹਟਵਾਂ ਤੋਲੇ
ਚਿੱਤ ਟੁੱਟੀ ਇੱਕ ਤਾਰ, ਮਿਲੇ ਨਾ ਯਾਰ ਗੰਢੋਲੇ
ਸੁਖਨਾਂ ਦੇ ਹਟਿਆਰ, ਵਗੇਂਦੇ ਛੁਰੀਆਂ ਓਹਲੇ
ਉਮਰਾਂ ਜੇਡੇ ਭਾਰ, ਕਦੀਂ ਹਨ ਪੋਲ ਪਟੋਲੇ
ਕੂੜੋ ਕੂੜ ਅਖ਼ਬਾਰ, ਲਖੀਵਣ ਹੁਕਮੀਂ ਢੋਲੇ
ਮਾਰੂ ਥਈ ਸਰਕਾਰ, ਨਿਮਾਣਾ ਤਣੀਆਂ ਝੋਲੇ
ਪੀਹ ਕੱਟਣ ਪਰਿਵਾਰ, ਚਿਰੋਕੇ ਸੁੰਝ ਭੜੋਲੇ
ਧੁਰੋਂ ਲਿਖਾਈ ਹਾਰ, ਤੇ ਸੱਧਰ ਖਿੱਦੂ ਫੋਲੇ
ਰੂਹ ਦੇ ਹੋਣ ਵਪਾਰ ਤੇ ਸੁਫ਼ਨੇ ਮਿਧ ਮਧੋਲੇ
ਸਾਹਵਾਂ ਨੂੰ ਲੰਗਾਰ, ਦਿਲੋਂ ਨੂੰ ਪੈ ਗਏ ਝੋਲੇ
ਹਉਕੇ ਭਰਦੀ ਨਾਰ, ਜਣੇ ਪਏ ਗਾਵਣ ਸੋਹਲੇ
ਸਾਂਵਲ ਹੱਥ ਮੁਹਾਰ, ਤੇ ਡਾਚੀ ਰੋਹੀ ਰੋਲੇ
ਦਰਿਆਵਾਂ ਜਿਹੇ ਯਾਰ, ਟੁਰੀਂਦੇ ਮਾਰ ਘਚੋਲੇ
ਝਬਦੇ ਲੰਘਣ ਪਾਰ, ਜਿਨ੍ਹਾਂ ਦੇ ਸ਼ਹੁ ਰੰਗੋਲੇ
ਸਾਈਂ ਦੇ ਦਰਬਾਰ, ਤੇ ਜਿੰਦੜੀ ਸੱਥਰ ਟੋਲੇ
ਬੈਠੇ ਪਾਉਂ ਪਸਾਰ, ਤੇ ਸਾਹ ਹਨ ਉਡਣ ਖਟੋਲੇ
ਚਾਨਣ ਦੇ ਅਸਵਾਰ, ਟੁਰੋਂ ਜੇ ਪੋਲੇ ਪੋਲੇ