ਵੇਲੇ ਇੰਜ ਦਾ ਕਰ ਛੱਡਿਆ ਏ, ਬਾਲ ਕਰਖ਼ਤ ਨਹੀਂ ਹੁੰਦਾ ।
ਵੇਖ ਲਵੇਰੀ ਕੂੰਬਲ ਦੇ ਵਿਚ, ਕੰਡਾ ਸਖ਼ਤ ਨਹੀਂ ਹੁੰਦਾ ।
ਧੁੱਪਾਂ ਨਾਲ ਗੁਜ਼ਾਰਾ ਕਰ ਲਈ, ਗੂੜ੍ਹੀ ਛਾਂ ਨਾ ਭਾਲੀਂ,
ਅਸਾਂ ਹਮੇਸ਼ਾ ਤੱਕਿਆ ਬੋਹੜਾਂ ਹੇਠ ਦਰਖ਼ਤ ਨਹੀਂ ਹੁੰਦਾ ।
ਦੋਸ਼ ਮੁਕੱਦਰਾਂ ਨੂੰ ਕਿਉਂ ਦੇਵਾਂ, ਹੱਥੀਂ ਸਭ ਕੁਝ ਕਰਕੇ,
ਬੰਦਾ ਮਾੜਾ ਹੋ ਜਾਂਦਾ ਏ, ਮਾੜਾ ਵਖ਼ਤ ਨਹੀਂ ਹੁੰਦਾ ।
ਪੀਂਘ ਦੇ ਵਾਂਗੂੰ ਫੱਟੇ ਤੇ ਚੜ੍ਹ, ਜਾਣਾ ਸਾਈਂ ਲੋਕਾਂ,
ਤੂੰ ਖ਼ਬਰੇ ਕੀ ਸਮਝ ਲਿਆ ਏ, ਤਖ਼ਤਾ ਤਖ਼ਤ ਨਹੀਂ ਹੁੰਦਾ ।
ਦੁਨੀਆ ਦਾਰੀ ਦੇ ਵਿਚ ਰਹਿ ਕੇ, ਮੇਰੇ ਵਰਗਾ ਬੰਦਾ,
ਕਿੰਜ ਜੁਦਾਈ ਇਕ ਕਰ ਛੱਡਿਆ ਹੁਣ ਦੋ ਲਖ਼ਤ ਨਹੀਂ ਹੁੰਦਾ ।
ਅਜ਼ਲੋਂ 'ਅਨਵਰ' ਨਾਲ ਜੋ ਹੁੰਦਾ ਆਇਆ ਤੱਕਿਆ ਸਭਨਾਂ,
ਅਬਦਾਂ ਤੀਕਰ ਜਾਣ ਦਾ ਰੱਬਾ, ਮੈਥੋਂ ਵਖ਼ਤ ਨਹੀਂ ਹੁੰਦਾ ।