ਇੱਕ ਦਿਨ ਆਪਾਂ ਦੋਵੇ ਇੱਕ ਸੀ,
ਨਾਂ ਤੂੰ ਹੋਰ ਤੇ ਨਾ ਮੈਂ ਹੋਰ।
ਇੱਕ ਦਿਨ ਮੇਰੇ ਉੱਤੇ ਦੱਸ ਕਿਉਂ,
ਡਾਹਢਿਆ ਤੂੰ ਅਜਮਾਇਆ ਜ਼ੋਰ?
ਆਪਣੇ ਨਾਲੋ ਅੱਡ ਕਰ ਦਿੱਤਾ,
ਵਿੱਚ ਜਹਾਨ ਦੇ ਦਿੱਤਾ ਤੋਰ।
ਇੱਥੇ ਤੇਰੇ ਨਾਂ ਤੇ ਰੱਬਾ,
ਥਾਂ ਥਾਂ ਮੱਚਿਆ ਬੜਾ ਹੀ ਸ਼ੋਰ।
ਕੋਈ ਤੈਨੂੰ ਫਿਰੇ ਵੇਚਦਾ,
ਕੋਈ ਤੇਰੇ ਦਰ ਦਾ ਚੋਰ।
ਜੱਥੇਦਾਰ ਹੱਥ ਡਾਂਗਾਂ ਫੜ ਕੇ,
ਦਿਖਾ ਰਹੇ ਰੁਤਬੇ ਦਾ ਜੋਰ।
ਸੇਵਾ ਦੀ ਇਹ ਭੁੱਖ ਨਹੀ ਦਿਸਦੀ,
ਇਹ ਜਾਪੇ ਸੱਤਾ ਦੀ ਲੋਰ।
ਧਰਮ ਦੇ ਨਾਂ ਦਾ ਟੀਕਾ ਲਾ ਕੇ,
ਰਾਮ ਨਾਮ ਦੀ ਕਰਨ ਟਕੋਰ।
ਦਰਸ਼ਨ ਤੇਰੇ ਮੁੱਲ ਵਿਕਦੇ ਨੇ,
ਕੇਹਾ ਇਹ ਕਲਯੁਗ ਘਨਘੋਰ!