ਵਿੱਚ ਹਨੇਰੇ ਬਲਦੀ ਪਈ ਏ ਇਕ ਦੀਵੇ ਦੀ ਲਾਟ ।
ਜਿਉਂ-ਜਿਉਂ ਨੇੜੇ ਢੁਕਣਾ ਵਾਂ ਤੇ ਹੋਏ ਲਮੇਰੀ ਵਾਟ ।
ਤੇਰੇ ਪਿਆਰ ਦੀ ਖ਼ਾਤਰ ਚੁੱਕੀ, ਮਿਹਣਿਆਂ ਦੀ ਮੈਂ ਪੰਡ,
ਮੇਰੀ ਅਣਖ ਦੇ ਮੂੰਹ ਤੇ ਮਾਰੀ ਤੇਰੀ ਚੁੱਪ ਨੇ ਚਾਟ ।
ਇਕਲਾਪੇ ਵਿਚ ਜਦੋਂ ਕਦੀ ਵੀ ਤੇਰੀਆਂ ਯਾਦਾਂ ਆਵਣ,
ਚੀਰ ਕਲੇਜਾ ਸੁੱਟਦੀ ਮੇਰਾ, ਐਸੀ ਪਵੇ ਤਰਾਟ ।
ਸੱਧਰਾਂ ਦਾ ਹੁਣ ਸੂਰਜ ਡੁੱਬਾ, ਵਰਤੀ ਗ਼ਮ ਦੀ ਸ਼ਾਮ,
ਖ਼ਵਰੇ ਕਾਲਖ ਦੇ ਸ਼ੌਹ ਅੰਦਰ, ਮਿਲਣੀ ਕਿਹੜੀ ਘਾਟ ।
ਮੰਜ਼ਿਲ ਨੂੰ ਮੈਂ ਲੱਭਦਾ-ਲੱਭਦਾ, ਆਪ ਗਵਾਚ ਗਿਆ ਵਾਂ,
ਛੱਡ ਗਿਆ 'ਰਾਹਤ' ਪਿਆਰ ਦਾ ਸਾਥੀ, ਮੰਜ਼ਿਲ ਦੇ ਅਧਰਾਟ ।