ਵਿੱਚ ਹਨੇਰਿਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ ।
ਰੋਸ਼ਨੀਆਂ ਵਿੱਚ ਆਪ ਗੁਆਈ, ਤੂੰ ਸੋਨੇ ਦੀ ਨੱਥ ।
ਕੌਣ ਆਂ ਤੈਨੂੰ ਕਿੱਥੇ ਮਿਲਿਆਂ, ਦੇਵਾਂ ਕੀਹ ਜਵਾਬ,
ਯਾਦਾਂ ਦੀ ਪੋਥੀ ਦੇ ਬਹਿ ਕੇ, ਪਿਛਲੇ ਵਰਕ ਉਲੱਥ ।
ਦੂਰ ਉਫ਼ਕ ਤੇ ਮਿਲ ਜਾਂਦੇ ਨੇ, ਧਰਤੀ 'ਤੇ ਅਸਮਾਨ,
ਅਪਣਾ ਆਪ ਪਛਾਨਣ ਖ਼ਾਤਰ, ਅਰਸ਼ੋਂ ਥੱਲੇ ਲੱਥ ।
ਇਕ ਇਕ ਲੂੰ ਮੁੱਢ ਜ਼ਖ਼ਮ ਹਜ਼ਾਰਾਂ, ਦਿਲਬਰ ਦੀ ਇਹ ਦੇਣ,
ਸਦੀਆਂ ਦਾ ਸਰਮਾਇਆ ਬਣ ਗਈ, ਘੜੀਆਂ ਦੀ ਗਲ ਗੱਥ ।
ਸੱਜਣਾਂ ਦੇ ਦੁੱਖਾਂ ਦਰਦਾਂ ਵਿੱਚ, ਹੁਣ ਦਿਲਜੋਈ ਲੱਭ,
ਖੌਰੇ ਕੱਲ੍ਹ ਹੋਵੇ ਨਾ ਹੋਵੇ, ਇਹ ਯਾਰਾਂ ਦੀ ਸੱਥ ।
ਕਾਲੀ ਕੰਧ ਉਸਾਰ ਵਿਖਾਲਣ, ਨ੍ਹੇਰੇ ਦੇ ਵਸਨੀਕ,
ਚੜ੍ਹਦੇ ਵੱਲੋਂ ਚੜ੍ਹਦੀ ਆਵੇ, ਉਹ ਸੂਰਜ ਦੀ ਰੱਥ ।
'ਵਾ ਦੀ ਸੂਲੀ ਚੜ੍ਹਕੇ ਖਿਡੰਦੀ, ਫੁੱਲਾਂ ਦੀ ਖ਼ੁਸ਼ਬੂ,
ਹਸ ਹਸ ਮੌਤ ਹੁਲਾਰਾ ਲੈਂਦੇ, 'ਕਾਸ਼ਰ' ਜਹੇ ਸਿਰ ਲੱਥ ।