ਇਹ ਜਗ ਸੱਚੇ ਸਾਹਿਬ ਦਾ ਦੀਬਾਣ ਹੈ।
ਕਾਇਮ ਦਾਇਮ ਹੁਕਮ ਓਹਦਾ ਫੁਰਮਾਣ ਹੈ।
ਚੱਲਣ ਧਰਮ ਅਨੇਕ ਪਰ ਏਕ ਨਿਸ਼ਾਨ ਹੈ।
ਮਾਨਵਤਾ ਹਰ ਮਜ਼ਹਬ ਦੀ ਪਹਿਚਾਣ ਹੈ।
ਬੋਲੀ, ਭਾਸ਼ਾ ਸਭ ਦਾ ਗੌਰਵ ਮਾਣ ਹੈ।
ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।
ਗੁਲਸ਼ਨ ਦਾ ਹਰ ਫੁੱਲ ਸੁਗੰਧੀ ਹੀ ਜਾਣਦੈ।
ਪਰ ਖੁਸ਼ਬੋ ਦਾ ਵਸਲ ਤਾਂ ਵਿਰਲਾ ਮਾਣਦੈ।
ਮਹਿਕ ਫਿਜ਼ਾ ਤੇ ਪਵਣਾਂ ਨੂੰ ਜੋ ਛਾਂਣਦੈ।
ਸਾਹਿਬ ਉਸ ਤੇ ਆਪ ਚੰਦੋਆ ਤਾਣਦੈ।
ਰਾਤਾਂ ਸੁੱਚੀਆਂ ਦਿਨ ਚਾਨਣ ਚਨਾਣ ਹੈ।
ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।
ਵਿਦਿਆ ਮਿੱਠੀ ਲੋਰੀ ਦੀ ਆਵਾਜ਼ ਹੈ।
ਵਿਦਿਆ ਉਡਦੇ ਪੰਛੀ ਦੀ ਪਰਵਾਜ਼ ਹੈ।
ਸੁਰ ਕੀਤਾ ਫ਼ਨਕਾਰ ਕਿਸੇ ਦਾ ਸਾਜ਼ ਹੈ।
ਦਿਲ ਧੜਕਣ ਵਿੱਚ ਛੁਪਿਆ ਰੱਬ ਦਾ ਰਾਜ਼ ਹੈ।
ਇਲਮ ਹੁਨਰ ਦੀ ਦੌਲਤ ਸੁੱਖ ਦੀ ਖਾਣ ਹੈ।
ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।
ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ।
ਵਿਦਿਆ ਚੁੰਨੀ ਅੱਖਰਾਂ ਨਾਲ ਸ਼ਿੰਗਾਰੀ ਹੈ।
ਅੱਖਰ ਅੱਖਰ ਸ਼ਬਦ ਸ਼ਬਦ ਗੁਣਕਾਰੀ ਹੈ।
ਸ਼ਬਦ, ਸੁਰਤ ਲਿਵ ਲਾਗੇ ਧੁਨੀ ਪਿਆਰੀ ਹੈ।
ਪੜੇ੍ਹ ਸੁਣੇ ਜੋ ਗਾਵੈ ਸੋ ਪਰਵਾਣ ਹੈ।
ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।
ਹਰ ਜਲਵੇ ਵਿੱਚ ਵਸਦਾ ਜਲਵਾ ਮਾਹੀ ਦਾ।
ਲਹਿਰ ਲਹਿਰ ਵਿੱਚ ਨਗਮਾ ਬੇਪਰਵਾਹੀ ਦਾ।
ਮਾਰਗ ਖੰਡੇਧਾਰ ਸੰਤ ਸਿਪਾਹੀ ਦਾ।
ਪੜ੍ਹਿਆਂ ਦੇ ਦਰਬਾਰ ਨੂਰ ਇਲਾਹੀ ਦਾ।
ਕੱਜੀ ਹੋਈ ਮਿਆਨ ‘ਚ ਜਿਉਂ ਕ੍ਰਿਪਾਨ ਹੈ।
ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।
ਜੋ ਇਲਮ ਕਲਮ ਦਾ ਜਾਨਣ ਫ਼ਲਸਫਾ।
ਵਕਤ ਦੀ ਨਬਜ਼ ਪਛਾਨਣ ਰੋਕਣ ਜ਼ਲਜ਼ਲਾ।
ਵੈਰ, ਨਫਰਤਾਂ ਸਾੜਨ ਪੈੜਨ ਰਾਹਜ਼ਨਾ।
ਸੰਗ ਹੀ ਖੁਸ਼ੀਆਂ ਮਾਨਣ ਵੰਡਣ ਰਹਿਮਤਾਂ।
ਸੱਚ ਦਾ ਸਦਾ ਪਰਤੱਖ ਨੂੰ ਕੀ ਪ੍ਰਮਾਣ ਹੈ।
ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।