ਵਿਹੜੇ ਦਾ ਰੁੱਖ ਖੂਹ ਦੀਆਂ ਟਿੰਡਾਂ, ਸੇਜ ਦੀ ਚੱਦਰ ਰੁੰਨੀ ।
ਉਹਦੇ ਮਗਰੋਂ ਘਰ ਦੀ ਹਰ ਸ਼ੈ, ਹੌਕੇ ਭਰ ਭਰ ਰੁੰਨੀ ।
ਬਾਨੋ ਤੇ ਲੰਬੜਾਂ ਦੀ ਧੀ ਏ, ਤੂੰ ਹਿਕ ਧੀ ਕੰਮੀ ਦੀ,
ਝੱਲੀਏ! ਤੂੰ ਕਿਉਂ ਦੇਖਕੇ ਉਹਦਾ, ਸੋਹਣਾ ਜ਼ੇਬਰ ਰੁੰਨੀ ।
ਠੰਢ ਬੜੀ ਸੀ ਸੁਪਨਿਆਂ ਅੰਦਰ, ਦੇਖ ਅਵੱਲੇ ਰਿਸ਼ਤੇ,
ਖੁੱਲੀ ਅੱਖ ਤੇ ਆਲ-ਦੁਆਲੇ, ਦੇਖ ਸਮੁੰਦਰ ਰੁੰਨੀ ।
ਆਪਣੀ ਗਲੀਉਂ ਲੰਘਦਾ ਤੱਕ ਕੇ ਕੋਈ ਸਿਹਰਿਆਂ ਵਾਲਾ,
ਖ਼ਬਰੇ ਉਹ ਕਿਉਂ ਚਿਰ ਤੱਕ ਆਪਣੇ, ਵਿਹੜੇ ਅੰਦਰ ਰੁੰਨੀ ।
ਕੋਈ ਤੇ ਫੱਟ ਸ਼ਾਵਾ ਹੋਇਐ, ਕੁਝ ਤੇ ਚੇਤੇ ਆਇਐ,
ਐਵੈਂ ਤੇ ਨਹੀਂ ਗਏ ਵਰ੍ਹੇ ਦਾ, ਦੇਖ ਕਲੰਡਰ ਰੁੰਨੀ ।
ਕਿੰਨਾਂ ਕਰਮਾਂ ਆਲਾ ਸੀ ਉਹ, 'ਆਤਿਫ਼' ਜੀਹਦੇ ਮਗਰੋਂ,
ਪਿਉ ਦੀਆਂ ਸਿੱਕਾਂ, ਮਾਂ ਦੀ ਮਮਤਾ, ਭੈਣ ਦੀ ਸੱਧਰ ਰੁੰਨੀ ।