ਆ ਗਈ ਦੀਵਾਲੀ,
ਵਿਕਣੇ ਆ ਗਏ ਦੀਵੇ ਮਿੱਟੀ ਦੇ।
ਵਰ੍ਹੇ ਬਾਅਦ ਹੀ ਡਿੱਠੀ ਦੇ।
ਆ ਗਈ ਦੀਵਾਲੀ,
ਲੈ ਲਓ ਮਾਈਓ ਦੀਵੇ ਮਿੱਟੀ ਦੇ।
ਆ ਗਿਆ ਘੁਮਿਆਰ ਵੀਰਾ।
ਭੱਜ ਕੇ ਲੈ ਲਵਾਂ ਸਿਰ ਤੇ ਲੀੜਾ।
ਹੋਕਾ ਦੇਵੇ ਹੋ ਹੋ ਤੀਰ੍ਹਾ।
ਆ ਗਿਆ ਵੇਚਣ ਦੀਵੇ ਮਿੱਟੀ ਦੇ।
ਆ ਗਈ ਦੀਵਾਲੀ,
ਲੈ ਲਓ ਮਾਈਓ ਦੀਵੇ ਮਿੱਟੀ ਦੇ।
ਸੁੱਚੇ ਪਾਣੀ ਭਿਉਂ ਦਿਉ ਦੀਵੇ।
ਤਾਂ ਕਿ ਬਹੁਤਾ ਤੇਲ ਨਾ ਪੀਵੇ।
ਵੱਟੀਆਂ ਸੁੱਚੀਆਂ ਰੱਖ ਲਓ ਵੱਟ।
ਕੌਲੀ ਤੇਲ ਭਰ ਦਿਓ ਡੱਕ।
ਡੱਬੀ ਤੀਲਾਂ ਰੱਖਣੀ, ਡਿੱਠੀ ਜੇ?
ਆ ਗਈ ਦੀਵਾਲੀ,
ਜਗਾ ਲਓ ਮਾਈਓ ਦੀਵੇ ਮਿੱਟੀ ਦੇ।
ਪਹਿਲਾਂ ਗੁਰਦੁਆਰੇ ਜਾਇਓ।
ਦਿਹਾੜਾ ਬੰਦੀਛੋੜ ਮਨਾਇਓ।
ਦੀਵੇ ਇੱਕ ਕਤਾਰ 'ਚ ਰੱਖਕੇ
ਕੋਠਿਆਂ ਦੇ ਬਨੇਰੇ ਜਗਾਇਓ।
ਦੂਰੋਂ ਰਾਹੀਆਂ ਨੂੰ ਰਾਹ ਡਿੱਠੀ ਦੇ।
ਆ ਗਈ ਦੀਵਾਲੀ,
ਜਗਾ ਲਓ ਮਾਈਓ ਦੀਵੇ ਮਿੱਟੀ ਦੇ।
ਬੰਬ ਪਟਾਕੇ ਨਹੀਂ ਚਲਾਉਣੇ।
ਪਸ਼ੂ ਤੇ ਪੰਛੀ ਨਹੀਂ ਡਰਾਉਣੇ।
ਯਾਦ ਗੁਰਾਂ ਨੂੰ ਧਿਆ ਕੇ ਕਰਨਾ।
ਸਭ ਦਾ ਭਲਾ ਕਿੰਞ ਹੈ ਕਰਨਾ।
ਸਰਬ ਗੁਣ ਸਤਿਗੁਰਾਂ ਤੋਂ ਸਿੱਖੀਦੇ।
ਆ ਗਈ ਦੀਵਾਲੀ,
ਜਗਾ ਲਓ ਮਾਈਓ ਦੀਵੇ ਮਿੱਟੀ ਦੇ।