ਵਸਾਲ ਲਮਹਾ ਨਸੀਬ ਹੋਇਆ ਤੇ ਜੀ ਪਵਾਂਗੇ

ਵਸਾਲ ਲਮਹਾ ਨਸੀਬ ਹੋਇਆ ਤੇ ਜੀ ਪਵਾਂਗੇ

ਜੇ ਉਹਦਾ ਮਿਲਣਾ ਨਸੀਬ ਹੋਇਆ ਤੇ ਜੀ ਪਵਾਂਗੇ

ਅਜੇ ਤੇ ਮੇਰੀ ਹਿਆਤ ਉੱਤੇ ਖ਼ਿਜ਼ਾਂ ਤਾਰੀ,

ਗੁਲਾਬ ਮੁੱਖੜਾ ਨਸੀਬ ਹੋਇਆ ਤੇ ਜੀ ਪਵਾਂਗੇ

ਮੈਂ ਉਹਦੇ ਹੋਠਾਂ ਤੇ ਮੁਸਕਰਾਹਟ ਦਾ ਆਸਮੰਦ ਹਾਂ,

ਅਗਰ ਉਹ ਵੇਲਾ ਨਸੀਬ ਹੋਇਆ ਤੇ ਜੀ ਪਵਾਂਗੇ

ਹਜ਼ਾਰ ਦੁੱਖਾਂ ਦੀ ਧੁੱਪ ਹੋਵੇ ਤੇ ਫੇਰ ਕੀ ਏ,

ਇਕ ਉਹਦਾ ਸਾਇਆ ਨਸੀਬ ਹੋਇਆ ਤੇ ਜੀ ਪਵਾਂਗੇ

ਉਜਾਲਿਆਂ ਦੀ ਤਲਾਸ਼ ਵਿਚ ਹਾਂ ਅਜਲ ਤੋਂ ਮੈਂ ਤੇ,

ਕੋਈ ਸਿਤਾਰਾ ਨਸੀਬ ਹੋਇਆ ਤੇ ਜੀ ਪਵਾਂਗੇ

ਅਨਾ ਪ੍ਰਸਤ ਆਂ ਕਿਸੇ ਦਾ ਅਹਿਸਾਨ ਮੈਂ ਨਹੀਂ ਚੁਕਣਾ,

ਜੇ ਮੈਨੂੰ ਜੀਣਾ ਨਸੀਬ ਹੋਇਆ ਤੇ ਜੀ ਪਵਾਂਗੇ

ਬਸ ਉਹਦੀ ਕੁਰਬਤ ਹੈ ਮੇਰੇ ਜੀਵਨ ਦਾ ਰਾਜ਼ 'ਆਦਿਲ'

ਉਹ ਸ਼ਖ਼ਸ਼ ਮੇਰਾ ਨਸੀਬ ਹੋਇਆ ਤੇ ਜੀ ਪਵਾਂਗੇ

📝 ਸੋਧ ਲਈ ਭੇਜੋ