ਕਈ ਦੌਰ ਬਦਲ ਜਾਂਦੇ, ਕਈ ਰੰਗ ਬਦਲ ਜਾਂਦੇ।
ਅਰਮਾਨ ਸਮੇਟੇ ਹੋਏ, ਕਈ ਵਾਰ ਮਚਲ ਜਾਂਦੇ॥
ਕੋਈ ਘਟਨਾ ਛੋਹ ਜਾਂਦੀ, ਜਦ ਦਿਲ ਦੀਆਂ ਤਾਰਾਂ ਨੂੰ।
ਜਦ ਪੱਤਝੜ ਖਾ ਜਾਂਦੀ, ਸਰਸਬਜ ਬਹਾਰਾਂ ਨੂੰ॥
ਇੱਕ ਪੀੜ ਕਲੇਜੇ ਨੂੰ, ਵੱਢ ਵੱਢ ਕੇ ਖਾ ਜਾਵੇ।
ਮਜਬੂਰ ਕੋਈ ਹੋਕਾ, ਬੁਲ੍ਹੀਆਂ ਤੇ ਛਾ ਜਾਵੇ॥
ਯਾਦਾਂ ਦੀਆਂ ਕੰਨੀਆਂ ਦੇ, ਲੜ ਖੁਲ੍ਹ ਖੁਲ੍ਹ ਜਾਂਦੇ ਨੇ।
ਨੈਣਾਂ ਦੀਆਂ ਸਿੱਪੀਆਂ 'ਚੋਂ, ਮੋਤੀ ਡੁੱਲ੍ਹ ਡੁੱਲ੍ਹ ਜਾਂਦੇ ਨੇ॥
ਇਹ ਕਿਹੀ ਵਿਸਾਖੀ ਨੀ, ਦਿਨ ਕੈਸਾ ਚੜ੍ਹਿਆ ਏ।
ਮੇਰੇ ਮਨ ਮਤਵਾਲੇ ਨੂੰ, ਨਾਗ ਬਿਿਛਅਰ ਲੜਿਆ ਏ॥
ਇਹ ਸੰਕਟ ਕਾਹਦਾ ਹੈ, ਇਹ ਕਿਸਦਾ ਰੌਣਾ ਨੀ।
ਕੀ ਹੋਇਆ ਹੈ ਦੇਖੋ, ਹੁਣ ਕੀ ਹੋਣਾ ਨੀ॥
ਇਕ ਪਾਸੇ ਰੋਟੀ ਤੋਂ, ਕੋਈ ਲਾਚਾਰ ਹੋਇਆ।
ਇਕ ਪਾਸੇ ਦੌਲਤ ਦਾ, ਲੱਗਾ ਅੰਬਾਰ ਹੋਇਆ॥
ਕਿਸੇ ਗਹਿਣ ਜਾਤ ਦੇ, ਤਨ ਤੇ ਬੁੱਕ ਲੀਰਾਂ ਨੇ।
ਕਿਉਂ ਦਾਗੀ ਹੋ ਰਹੀਆਂ, ਨਿਰਬਲ ਤਕਦੀਰਾਂ ਨੇ॥
ਸੜਕਾਂ ਫੁਟਪਾਥਾਂ ਤੇ, ਪਿਆ ਜੀਵਨ ਪਲਦਾ ਹੈ।
ਮਹਿਕਾਂ ਦੇ ਚਾਨਣ ਵਿੱਚ, ਹੱਕ ਕਿਸਦਾ ਬਲਦਾ ਹੈ॥
ਕੋਈ ਕੰਜ ਕੁਆਰੀ ਨੂੰ, ਜੇਲ੍ਹਾਂ ਵਿੱਚ ਪਾ ਬੈਠਾ।
ਕੋਈ ਸ਼ਿਕਰਾ ਚਿੜੀਆਂ ਦਾ, ਦਿਲ ਕੱਢ ਕੇ ਖਾ ਬੈਠਾ॥
ਸਿੱਕਿਆਂ ਦੀ ਛਣ ਛਣ ਤੇ, ਮੁਸਕਾਨ ਨਚਾਓ ਨਾ।
ਕਣਕਾਂ ਦਿਆਂ ਬੋਹਲਾਂ ਦਾ, ਬਾਰੂਦ ਬਣਾਓ ਨਾ॥
ਰੇਸ਼ਮ ਦੀਆਂ ਰੱਸੀਆਂ ਦਾ, ਇਹ ਜਾਲ ਹੈ ਪੁਰਾਣਾ।
ਇਨ੍ਹਾਂ ਬੇ-ਡਰ ਚਿੜੀਆਂ ਨੇ, ਇਕ ਦਿਨ ਉੱਡ ਜਾਣਾ॥
ਕਲਮਾਂ 'ਚੋਂ ਨਿਕਲ ਰਹੀ, ਮਿਹਨਤ ਮਜ਼ਦੂਰਾਂ ਦੀ।
"ਤੂਫ਼ਾਨ" ਜਗਾ ਦਿੱਤੀ, ਟੋਲੀ ਮਜਬੂਰਾਂ ਦੀ॥
ਅੰਨ ਦੇ ਹਰ ਦਾਣੇ ’ਚੋਂ, ਰਿਸਦਾ ਪਸੀਨਾ ਏ।
ਮਿਹਨਤ ਦੀ ਝੋਲ ਭਰੋ, ਵੈਸਾਖ ਮਹੀਨਾ ਏ॥
ਇਹ ਦਿਓ ਅਸੀਸਾਂ ਨੀ, ਇਹ ਦਿਓ ਦੁਆਵਾਂ ਨੀ।
ਅੱਥਰੂ ਮਾਸੂਮਾਂ ਦੇ, ਨਾ ਵੇਖਣ ਮਾਂਵਾਂ ਨੀ॥
ਘਰ ਘਰ ਖੁਸ਼ਹਾਲੀ ਦਾ, ਅੱਜ ਦਿਓ ਸੁਨਿਹੜਾ ਨੀ।
ਖੁਸ਼ੀਆਂ ਵਿੱਚ ਟਹਿਕ ਪਵੇ, ਹਰ ਘਰ ਦਾ ਵਿਹੜਾ ਨੀ॥