ਡਮ ਡਮ ਡੌਰੂ ਡਮਕ ਰਿਹਾ ਹੈ,

ਇਸ ਦੇ ਇਸ ਗੰਭੀਰ ਤਾਲ ਤੇ

ਹੋਵੇ ਪਿਆ ਉਹ ਨਾਚ,

ਜਿਸ ਵਿਚ ਜਗ-ਰਚਨਾ ਦੀ ਹਰ ਸ਼ੈ

ਆਪ ਮੁਹਾਰੀ ਨੱਚ ਉੱਠੀ ਹੈ

ਵਲਵਲੇ ਵਿਚ ਗਵਾਚ

ਨਚਣ ਆਕਾਸ਼, ਨੱਚਣ ਚੰਦ ਤਾਰੇ,

ਨੱਚਣ ਦੇਵਤਾ ਹੋਸ਼ ਵਿਸਾਰੇ,

ਨੱਚਣ ਆਦਮੀ, ਨੱਚਣ ਮੋਹਣੀਆਂ

ਨੱਚਣ ਪਏ ਪਿਸਾਚ

ਖੁਲੀ ਸਮਾਧੀ ਮਹਾਂ ਰਿਸ਼ੀਆਂ ਦੀ,

ਨੱਚ ਪਈ ਮਹਾਂ-ਕਾਲ ਦੀ ਜੋਤੀ,

ਨੱਚੇ ਸਵਰਗ, ਪਤਾਲ;

ਏਸ ਨਾਚ ਨੇ ਕਵਿ-ਹਿਰਦੇ ਵਿਚ

ਲੈ ਆਂਦਾ ਭੂਚਾਲ

ਇਹ ਉਹ ਨਾਚ ਜਿਦ੍ਹੀ ਸਰਗਮ 'ਚੋਂ

ਪਰਲੈ ਦੇ ਪਰਛਾਵੇਂ,

ਕਾਲ-ਜੀਭ ਦਾ ਰੂਪ ਵਟਾ ਕੇ

ਬ੍ਰਹਿਮੰਡਾਂ ਨੂੰ ਲੈ ਰਹੇ ਨੇ

ਅਪਣੇ ਵਿਚ ਕਲਾਵੇ

ਮੋਹ-ਨਿੰਦਰਾ ਖੁਲ੍ਹ ਗਈ ਹੈ ਆਪੇ,

ਸਾਜ ਸਮਾਜ ਪੁਰਾਤਨਤਾ ਦਾ

ਗੁੰਮਦਾ ਗੁੰਮਦਾ ਜਾਪੇ

ਮਹਾਂ-ਅਸਤਾਚਲ ਦੀ ਕੁਖ ਖੁਲ੍ਹੀ

ਨੱਚਦੇ ਪੁਰੀਆਂ, ਭਵਨ ਓਸ ਵਿਚ

ਹੈਨ ਸਮਾਈ ਜਾਂਦੇ

ਹੋ ਰਹੇ ਨਿਰਾਕਾਰ ਆਕਾਰੀ,

ਮਹਾਂ ਸੁੰਨ ਦੇ ਦੇਸ ਵਿਚਾਲੇ,

ਫਿਰ ਇਕ ਨਵੀਂ ਅਜ਼ਲ ਦੀ ਸਜਣੀ

ਹੋਵੇ ਪਈ ਤਿਆਰੀ

ਏਸ ਨਾਚ ਵਿਚ ਨੱਚਦੇ ਨੱਚਦੇ,

ਮਹਾ-ਜੋਤਿ ਵਿਚ ਰਚਦੇ ਰਚਦੇ,

ਛੇਤੀ ਗੁੰਮ ਜਾਈਏ;

ਤੇ ਉਸ ਨਵੀਂ ਅਜ਼ਲ ਦੀ ਕਾਨੀ

ਪਿਛਲੇ ਬ੍ਰਹਮਾ ਪਾਸੋਂ ਖੋਹ ਕੇ

ਆਪਾਂ ਹੀ ਫੜ ਵਾਹੀਏ

ਨਵਾਂ ਜਗਤ, ਨਵਾਂ ਦਸਤੂਰ,

ਨਵੇਂ ਅਸੀਂ, ਉਠ ਨਵ-ਪ੍ਰਭਾਤ ਵਿਚ

ਨਵਿਆਂ ਲਈ ਬਣਾਈਏ

📝 ਸੋਧ ਲਈ ਭੇਜੋ